ਠਾਕੁਰਗਾਂਵ (ਝਾਰਖੰਡ): ਬੁੜਮੂ ਪ੍ਰਖੰਡ ਦੇ ਕੁਲਵੇ ਟੋਂਗਰੀ ਵਿੱਚ ਬੀਤੇ ਦਿਨ ਵੱਡਾ ਹਾਦਸਾ ਟਲ਼ ਗਿਆ ਜਦੋਂ 10 ਸਾਲਾਂ ਦੀ ਬੱਚੀ ਨੂੰ ਅਜਗਰ ਨਿਗਲ ਰਿਹਾ ਸੀ ਤਾਂ ਉਸ ਦੀਆਂ ਚੀਕਾਂ ਸੁਣ ਕੇ ਆਸਪਾਸ ਦੇ ਲੋਕਾਂ ਨੇ ਤੁਰੰਤ ਉਸ ਨੂੰ ਅਜਗਰ ਦੇ ਜਬਾੜਿਆਂ ਵਿੱਚੋਂ ਸੁਰੱਖਿਅਤ ਬਾਹਰ ਕੱਢਿਆ। ਦੱਸਿਆ ਜਾ ਰਿਹਾ ਹੈ ਕਿ ਪਿੰਡ ਕੁਲਵੇ ਦੇ ਸ਼ਿਵਾ ਉਰਾਂਵ ਦੀ ਧੀ ਕਿਰਨ ਕੁਮਾਰੀ ਸਵੇਰੇ ਪਸ਼ੂ ਚਾਰਨ ਲਈ ਟੋਂਗਰੀ ਗਈ ਹੋਈ ਸੀ।

ਹਾਸਲ ਜਾਣਕਾਰੀ ਮੁਤਾਬਕ ਕਿਰਨ ਕੁਮਾਰੀ ਪਸ਼ੂਆਂ ਨੂੰ ਚਰਨ ਲਈ ਛੱਡਣ ਬਾਅਦ ਇੱਕ ਚਟਾਨ ’ਤੇ ਬੈਠੀ ਹੋਈ ਸੀ ਤਾਂ ਅਚਾਨਕ 10 ਫੁੱਟ ਲੰਮੇ ਅਜਗਰ ਨੇ ਉਸ ’ਤੇ ਹਮਲਾ ਕਰ ਦਿੱਤਾ। ਜਿੰਨਾ ਚਿਰ ਤਕ ਉਹ ਸੰਭਲਦੀ, ਓਨੀ ਦੇਰ ਤਕ ਅਜਗਰ ਨੇ ਉਸ ਦਾ ਪੈਰ ਆਪਣੇ ਜਬਾੜੇ ਵਿੱਚ ਧੂਹ ਲਿਆ ਤੇ ਹੋਲ਼ੀ-ਹੌਲ਼ੀ ਉਸ ਦੇ ਪੂਰੇ ਸਰੀਰ ਨੂੰ ਆਪਣੀ ਗ੍ਰਿਫ਼ਤ ’ਚ ਲੈ ਲਿਆ।

ਪੂਰੀ ਕੋਸ਼ਿਸ਼ ਦੇ ਬਾਅਦ ਵੀ ਉਹ ਬਚ ਨਹੀਂ ਸਕੀ ਤਾਂ ਉਸ ਨੇ ਚੀਕਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਇਸ ਤੋਂ ਬਾਅਦ ਉੱਥੇ ਮੌਜੂਦ ਬੱਚੇ ਉੱਥੇ ਪੁੱਜੇ ਤਾਂ ਕਿਰਨ ਨੂੰ ਅਜਗਰ ਦੇ ਮੂੰਹ ਵਿੱਚ ਵੇਖ ਕੇ ਉਨ੍ਹਾਂ ਵੀ ਰੋਲ਼ਾ ਪਾਇਆ ਜਿਸ ਨੂੰ ਸੁਣ ਕੇ ਪਿੰਡ ਦੇ ਲੋਕ ਵੀ ਉੱਥੇ ਭੱਜੇ ਆਏ। ਪਿੰਡ ਵਾਸੀਆਂ ਨੇ ਕਾਫੀ ਮਿਹਨਤ-ਮੁਸ਼ੱਕਤ ਦੇ ਬਾਅਦ ਕਿਰਨ ਨੂੰ ਅਜਗਰ ਦੇ ਮੂੰਹੋਂ ਛੁਡਾਇਆ।



ਅਜਗਰ ਦੇ ਦੰਦਾਂ ਨਾਲ ਬੱਚੀ ਦਾ ਪੈਰ ਲਹੂ-ਲੁਹਾਨ ਹੋ ਗਿਆ। ਉਸ ਨੂੰ ਹਸਪਤਾਲ ਲਿਜਾਇਆ ਗਿਆ। ਇਸ ਪਿੱਛੋਂ ਪਿੰਡ ਵਾਸੀਆਂ ਨੇ ਅਜਗਰ ਨੂੰ ਫੜ ਕੇ ਇੱਕ ਖੂਹ ਵਿੱਚ ਸੁੱਟ ਦਿੱਤਾ।

ਪਿੰਡ ਵਾਸੀਆਂ ਦਾ ਮੰਨਣਾ ਹੈ ਕਿ ਜਦੋਂ ਕਿਸੇ ਨੂੰ ਸੱਪ ਡੱਸ ਲੈਂਦਾ ਹੈ ਤਾਂ ਸੱਪ ਉਦੋਂ ਤਕ ਮਾਰਿਆ ਜਾਂ ਛੱਡਿਆ ਨਹੀਂ ਜਾਂਦਾ, ਜਦੋਂ ਤਕ ਉਸ ਦਾ ਸ਼ਿਕਾਰ ਵਿਅਕਤੀ ਪੂਰੀ ਤਰ੍ਹਾਂ ਤੰਦਰੁਸਤ ਨਹੀਂ ਹੋ ਜਾਂਦਾ।