ਨਵੀਂ ਦਿੱਲੀ: ਭਾਰਤ ਸਰਕਾਰ ਨੇ ਵੀਰਵਾਰ ਨੂੰ ਵੋਡਾਫੋਨ ਤੇ ਆਈਡੀਆ ਸੈਲੂਲਰ ਦੇ ਰਲੇਵੇਂ ਨੂੰ ਅੰਤਮ ਮਨਜ਼ੂਰੀ ਦੇ ਦਿੱਤੀ ਹੈ। ਇਸ ਰਲੇਵੇਂ ਬਾਅਦ ਇਹ ਦੇਸ਼ ਦੀ ਸਭ ਤੋਂ ਵੱਡੀ ਫੋਨ ਸੇਵਾ ਦੇਣ ਵਾਲੀ ਕੰਪਨੀ ਬਣ ਜਾਏਗੀ। ਇਸ ਕੋਲ 43 ਕਰੋੜ ਗਾਹਕ ਤੇ ਬਾਜ਼ਾਰ ਵਿੱਚ 35 ਫੀਸਦੀ ਹਿੱਸੇਦਾਰੀ ਹੋਏਗੀ।

ਦੋਵਾਂ ਕੰਪਨੀਆਂ ਨੂੰ ਸਾਂਝੇ ਰੂਪ ਵਿੱਚ ਕੁੱਲ 1.5 ਲੱਖ ਕਰੋੜ ਦੀ ਬਾਜ਼ਾਰ ਵੈਲਿਊ ਹੋਏਗੀ। ਇਹ ਮਨਜ਼ੂਰੀ ਦੋਵਾਂ ਕੰਪਨੀਆਂ ਦੇ ਰੇਲਵੇਂ ਲਈ ਦੂਰਸੰਚਾਰ ਵਿਭਾਗ ਨੂੰ 7268.78 ਕਰੋੜ ਰੁਪਏ ਦੇ ਅੰਡਰ ਪ੍ਰਟੈਸਟ ਮਨੀ ਦੇਣ ਦੇ ਕੁਝ ਹੀ ਦਿਨਾਂ ਅੰਦਰ ਮਿਲੀ ਹੈ। ਇਸ ਰਕਮ ਵਿੱਚੋਂ ਕੰਪਨੀ ਨੇ 3926.34 ਕਰੋੜ ਰੁਪਏ ਨਕਦ ਤੇ ਬੈਂਕ ਗਰੰਟੀ ਵਜੋਂ 3342.44 ਕਰੋੜ ਰੁਪਏ ਦਿੱਤੇ ਹਨ।

ਗੁਪਤ ਰੱਖਣ ਦੀ ਸ਼ਰਤ ’ਤੇ ਦੁਰਸੰਚਾਰ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਦੋਵੇਂ ਕੰਪਨੀਆਂ ਹੁਣ ਰਲੇਵੇਂ ਦੇ ਅਖ਼ੀਰਲੇ ਗੇੜ ਲਈ ਰਜਿਸਟਰਾਰ ਆਫ ਕੰਪਨੀ ਕੋਲ ਜਾਣਗੀਆਂ। ਦੂਰਸੰਚਾਰ ਵਿਭਾਗ ਨੇ ਰਲੇਵੇਂ ਦੀ ਸ਼ਰਤੀਆ ਮਨਜ਼ੂਰੀ 9 ਜੁਲਾਈ ਨੂੰ ਹੀ ਦੇ ਦਿੱਤੀ ਸੀ। ਮੌਜੂਦਾ ਵੋਡਾਫੋਨ ਕੋਲ ਆਈਡੀਆ ਤੋਂ 9.5 ਫੀਸਦੀ ਵੱਧ ਬਾਜ਼ਾਰ ਹਿੱਸੇਦਾਰੀ ਹੈ। ਆਈਡੀਆ ਨੂੰ ਅਧਿਕਾਰ ਹੋਏਗਾ ਕਿ ਉਹ ਦੋਵਾਂ ਕੰਪਨੀਆਂ ਦੀ ਬਾਜ਼ਾਰ ਹਿੱਸੇਦਾਰੀ ਨੂੰ ਬਰਾਬਰ ਕਰਨ ਲਈ ਵੋਡਾਫੋਨ ਕੋਲੋਂ 9.5 ਫੀਸਦੀ ਹਿੱਸੇਦਾਰੀ ਖਰੀਦ ਸਕਦਾ ਹੈ।

ਰਲੇਵੇਂ ਨਾਲ ਕਰਜ਼ੇ ਵਿੱਚ ਡੁੱਬੀ ਆਈਡੀਆ ਤੇ ਵੋਡਾਫੋਨ ਦੇ ਉੱਭਰਨ ਦੀ ਉਮੀਦ ਹੈ। ਰਲੇਵੇਂ ਬਾਅਦ ਸਾਂਝੀ ਕੰਪਨੀ ਵਿੱਚ ਵੋਡਾਫੋਨ ਦੀ 45.1 ਫੀਸਦੀ, ਅਦਿੱਤਿਆ ਬਿਰਲਾ ਗਰੁੱਪ ਦੀ 26 ਫੀਸਦੀ ਤੇ ਆਈਡੀਆ ਸ਼ੇਅਰਹੋਲਡਰ ਦੀ 28.9 ਫੀਸਦੀ ਦੀ ਹਿੱਸੇਦਾਰੀ ਹੋਏਗੀ।