ਮਹਿਤਾਬ-ਉਦ-ਦੀਨ


ਚੰਡੀਗੜ੍ਹ: ਪੂਰੀ ਦੁਨੀਆ ਇਸ ਵੇਲੇ ਕੋਰੋਨਾਵਾਇਰਸ ਦੀ ਮਹਾਮਾਰੀ ਨਾਲ ਜੂਝ ਰਹੀ ਹੈ। ਭਾਰਤ ’ਚ ਖ਼ਾਸ ਕਰਕੇ ਵਾਇਰਸ ਦੀ ਲਾਗ ਹੁਣ ਵੱਡੇ ਪੱਧਰ ਉੱਤੇ ਮਨੁੱਖੀ ਜਾਨਾਂ ਲੈ ਰਹੀ ਹੈ। ਆਸਟ੍ਰੇਲੀਆ ’ਚ ਰਹਿ ਰਹੇ 11,000 ਤੋਂ ਵੱਧ ਐੱਨਆਰਆਈਜ਼ (NRIs) ਇਸ ਵੇਲੇ ਕੋਰੋਨਾ ਪਾਬੰਦੀਆਂ ਕਾਰਨ ਭਾਰਤ ’ਚ ਫਸੇ ਹੋਏ ਹਨ। ਉਹ ਪਿਛਲੇ ਲੰਮੇ ਸਮੇਂ ਤੋਂ ਆਸਟ੍ਰੇਲੀਆ ਜਾਣਾ ਚਾਹ ਰਹੇ ਹਨ ਪਰ ਉਨ੍ਹਾਂ ਨੂੰ ਸਫ਼ਲਤਾ ਹਾਸਲ ਨਹੀਂ ਹੋ ਰਹੀ। ਇਸੇ ਲਈ ਹੁਣ ਉਨ੍ਹਾਂ ’ਚ ਵੱਡੇ ਪੱਧਰ ਉੱਤੇ ਰੋਹ ਤੇ ਰੋਸ ਪਾਇਆ ਜਾ ਰਿਹਾ ਹੈ ਕਿ ਆਸਟ੍ਰੇਲੀਆ ਦੀ ਸਰਕਾਰ ਨੇ ਉਨ੍ਹਾਂ ਨੂੰ ਲਿਜਾਣ ਲਈ ਕੋਈ ਇੰਤਜ਼ਾਮ ਨਹੀਂ ਕੀਤੇ।

 

ਦਰਅਸਲ, ਬੀਤੀ 29 ਅਪ੍ਰੈਲ ਨੂੰ ਆਸਟ੍ਰੇਲੀਆ ’ਚ ਰਹਿੰਦੇ 51 ਸਾਲਾ ਸੁਨੀਲ ਖੰਨਾ ਦੀ ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ’ਚ ਕੋਰੋਨਾਵਾਇਰਸ ਕਾਰਣ ਮੌਤ ਹੋ ਗਈ ਸੀ। ਉਹ ਆਪਣੇ ਬਜ਼ੁਰਗ ਮਾਪਿਆਂ ਨੂੰ ਮਿਲਣ ਲਈ ਆਏ ਸਨ। ਉਨ੍ਹਾਂ ਦੀ 83 ਸਾਲਾ ਮਾਂ ਦਾ ਵੀ ਕੋਰੋਨਾ ਕਰਕੇ ਦੇਹਾਂਤ ਹੋ ਚੁੱਕਾ ਹੈ। ਸੁਨੀਲ ਖੰਨਾ ਦੀ ਇਸ ਦੁਖਦਾਈ ਮੌਤ ਤੋਂ ਬਾਅਦ ਹੁਣ ਆਸਟ੍ਰੇਲੀਆ ’ਚ ਰਹਿੰਦੇ ਪ੍ਰਵਾਸੀ ਭਾਰਤੀਆਂ ’ਚ ਇਸ ਮੰਗ ਨੇ ਜ਼ੋਰ ਫੜ ਲਿਆ ਹੈ ਕਿ ਆਸਟ੍ਰੇਲੀਆ ਦੀ ਸਰਕਾਰ ਉਨ੍ਹਾਂ ਨੂੰ ਤੁਰੰਤ ਵਾਪਸ ਲਿਜਾਣ ਦੇ ਇੰਤਜ਼ਾਮ ਕਰੇ ਕਿਉਂਕਿ ਭਾਰਤ ’ਚ ਆਸਟ੍ਰੇਲੀਆ ਦੇ ਨਾਗਰਿਕਾਂ ਦੀਆਂ ਕੋਰੋਨਾ ਕਰਕੇ ਮੌਤਾਂ ਹੋ ਰਹੀਆਂ ਹਨ।

 

‘ਫ਼ੈਡਰੇਸ਼ਨ ਆਫ਼ ਇੰਡੀਅਨ ਐਸੋਸੀਏਸ਼ਨਜ਼’ ਦੇ ਪ੍ਰਧਾਨ ਵਿਸ਼ ਵਿਸ਼ਵਨਾਥਨ ਨੇ ਕਿਹਾ ਕਿ ਸਮੂਹ NRIs ਚਾਹੁੰਦੇ ਹਨ ਕਿ ਇਸ ਤੋਂ ਪਹਿਲਾਂ ਕਿ ਹੋਰ ਜਾਨਾਂ ਜਾਣ, ਆਸਟ੍ਰੇਲੀਆ ਸਰਕਾਰ ਨੂੰ ਤੁਰੰਤ ਇਸ ਦਿਸ਼ਾ ਵਿੱਚ ਵਾਜਬ ਕਦਮ ਚੁੱਕਣਾ ਚਾਹੀਦਾ ਹੈ। ‘ਏਬੀਸੀ ਨਿਊਜ਼’ ਵੱਲੋਂ ਪ੍ਰਕਾਸ਼ਿਤ ਰਿਪੋਰਟ ਅਨੁਸਾਰ ਭਾਰਤ ’ਚ ਇਸ ਵੇਲੇ 11,000 ਆਸਟ੍ਰੇਲੀਅਨ ਕੋਰੋਨਾਵਾਇਰਸ ਕਾਰਣ ਯਾਤਰਾ ਉੱਤੇ ਲੱਗੀਆਂ ਪਾਬੰਦੀਆਂ ਕਰਕੇ ਫਸੇ ਹੋਏ ਹਨ।

ਉਨ੍ਹਾਂ ਨੇ ਆਸਟ੍ਰੇਲੀਆ ਪਰਤਣ ਲਈ ਆਪਣੀਆਂ ਰਜਿਸਟ੍ਰੇਸ਼ਨਜ਼ ਵੀ ਕਰਵਾਈਆਂ ਹੋਈਆਂ ਹਨ। ਉਨ੍ਹਾਂ ’ਚੋਂ 970 ਤਾਂ ਭਾਰਤ ਦੇ ਕੋਰੋਨਾ ਦੇ ਬਹੁਤ ਜ਼ਿਆਦਾ ਲਾਗ ਵਾਲੇ ਅਸੁਰੱਖਿਅਤ ਇਲਾਕਿਆਂ ’ਚ ਰਹਿ ਰਹੇ ਹਨ। ਕੋਰੋਨਾ ਨੇ ਭਾਰਤ ’ਚ ਆਸਟ੍ਰੇਲੀਆ ਦੇ ਤਿੰਨ ਨਾਗਰਿਕਾਂ ਦੀ ਜਾਨ ਲੈ ਲਈ ਹੈ। ਸਿਡਨੀ ਦੇ ਹੀ ਇੱਕ ਕਾਰੋਬਾਰੀ ਗੋਵਿੰਦ ਕਾਂਤ (47) ਵੀ ਬੀਤੇ ਦਿਨੀ ਦਿੱਲੀ ਦੇ ਇੱਕ ਹਸਪਤਾਲ ਵਿੱਚ ਕੋਰੋਨਾ ਕਾਰਣ ਚੱਲ ਵੱਸੇ ਸਨ।