ਨਵੀਂ ਦਿੱਲੀ: ਕੋਰੋਨਾਵਾਇਰਸ ਦੀ ਤੀਜੀ ਲਹਿਰ ਨੇ ਦਹਿਸ਼ਤ ਮਚਾ ਦਿੱਤੀ ਹੈ। ਪ੍ਰਸਿੱਧ ਵਿਗਿਆਨੀ ਐਮ ਵਿਦਿਆਸਾਗਰ ਦਾ ਕਹਿਣਾ ਹੈ ਕਿ ਕਰੋਨਾਵਾਇਰਸ ਦੇ ਟਾਕਰੇ ਲਈ ਜੇਕਰ ਟੀਕਾਕਰਨ ਮੁਹਿੰਮ ਨੂੰ ਹੋਰ ਰਫ਼ਤਾਰ ਨਾ ਦਿੱਤੀ ਤੇ ਜੇ ਲੋਕਾਂ ਨੇ ਕੋਵਿਡ-19 ਤੋਂ ਬਚਾਅ ਲਈ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਨੂੰ ਯਕੀਨੀ ਨਾ ਬਣਾਇਆ ਤਾਂ ਅਗਲੇ 6 ਤੋਂ 8 ਮਹੀਨਿਆਂ ਵਿੱਚ ਕਰੋਨਾ ਮਹਾਮਾਰੀ ਦੀ ਤੀਜੀ ਲਹਿਰ ਆਉਣ ਦੀ ਸੰਭਾਵਨਾ ਹੈ।


ਆਈਆਈਟੀ ਹੈਦਰਾਬਾਦ ’ਚ ਪ੍ਰੋਫੈਸਰ ਵਿਦਿਆਸਾਗਰ ‘ਸੂਤਰਾ’ ਮਾਡਲ ਵਿੱਚ ਸ਼ਾਮਲ ਵਿਗਿਆਨੀ ਹਨ। ਇਸ ਮਾਡਲ ਵਿੱਚ ਗਣਿਤ ਦੀ ਵਰਤੋਂ ਨਾਲ ਕੋਵਿਡ-19 ਕੇਸਾਂ ਦੇ ਵਧਣ/ਘਟਣ ਬਾਰੇ ਪੇਸ਼ੀਨਗੋਈ ਕੀਤੀ ਜਾਂਦੀ ਹੈ। ਵਿਦਿਆਸਾਗਰ ਨੇ ਹਾਲਾਂਕਿ ਜ਼ੋਰ ਦੇ ਕੇ ਆਖਿਆ ਕਿ ਸੂਤਰਾ ਮਾਡਲ ਨੇ ਅਜੇ ਤੱਕ ਤੀਜੀ ਲਹਿਰ ਦੀ ਪੇਸ਼ੀਨਗੋਈ ਨਹੀਂ ਕੀਤੀ, ਉਂਜ ਇਸ ’ਤੇ ਕੰਮ ਜਾਰੀ ਹੈ।

ਪ੍ਰੋ. ਵਿਦਿਆਸਾਗਰ ਨੇ ਇਤਾਲਵੀ ਖੋਜਾਰਥੀਆਂ ਵੱਲੋਂ ਕਰੋਨਾ ਦੀ ਮਾਰ ਹੇਠ ਆਏ ਲੋਕਾਂ, ਜਿਨ੍ਹਾਂ ਦੇ ਐਂਟੀ ਬੌਡੀਜ਼ ਘਟਣ ਲੱਗੇ ਸਨ, ਬਾਬਤ ਕੀਤੀ ਸੋਧ ਦੇ ਹਵਾਲੇ ਨਾਲ ਕਿਹਾ, ‘‘ਜੇਕਰ ਐਂਟੀ ਬੌਡੀਜ਼ ਖ਼ਤਮ ਹੋ ਜਾਣ, ਤਾਂ ਅਜਿਹੀ ਸੰਭਾਵਨਾ ਹੈ ਕਿ ਇਮਿਊਨਿਟੀ(ਰੋਗਾਂ ਨਾਲ ਲੜਨ ਦੀ ਸ਼ਕਤੀ) ਵੀ ਘਟਣ ਲੱਗੇ ਪਰ ਇਸ ਕੇਸ ਵਿੱਚ ਟੀਕਾਕਰਨ ਪ੍ਰੋਗਰਾਮ ਨੂੰ ਹੋਰ ਰਫ਼ਤਾਰ ਦੇਣੀ ਹੋਵੇਗੀ ਤੇ ਕੋਵਿਡ-19 ਤੋਂ ਸੁਰੱਖਿਆ ਲਈ ਜਾਰੀ ਦਿਸ਼ਾ ਨਿਰਦੇਸ਼ਾਂ/ਸੇਧਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣੀ ਹੋਵੇਗੀ। ਜੇਕਰ ਅਜਿਹਾ ਨਹੀਂ ਹੁੰਦਾ ਤਾਂ ਅਗਲੇ 6 ਤੋਂ 8 ਮਹੀਨਿਆਂ ਵਿੱਚ (ਕਰੋਨਾ ਦੀ) ਤੀਜੀ ਲਹਿਰ ਆਉਣ ਦੀ ਸੰਭਾਵਨਾ ਹੈ।’

ਉਨ੍ਹਾਂ ਕਿਹਾ, ‘ਅਸੀਂ ਆਪਣੀਆਂ ਭਵਿੱਖੀ ਪੇਸ਼ੀਨਗੋਈਆਂ ਲਈ ਆਪਣੇ ਮਾਡਲ ਵਿੱਚ ਇਮਿਊਨਿਟੀ ਤੇ ਟੀਕਾਕਰਨ ਦੇ ਪਹਿਲੂਆਂ ਨੂੰ ਵੀ ਸ਼ਾਮਲ ਕਰ ਰਹੇ ਹਾਂ।’’ ਮਿਲਾਨ ਦੇ ਸਾਂ ਰਾਫ਼ਾਲ ਹਸਪਤਾਲ ਵੱਲੋਂ ਕੀਤੇ ਅਧਿਐਨ ਮੁਤਾਬਕ ਜਦੋਂ ਕਿਸੇ ਵਿਅਕਤੀ ਨੂੰ ਕਰੋਨਾ ਦੀ ਲਾਗ ਚਿੰਬੜਦੀ ਹੈ ਤਾਂ ਕਰੋਨਾਵਾਇਰਸ ਨਾਲ ਲੜਨ ਵਾਲੇ ਐਂਟੀਬੌਡੀਜ਼ ਘੱਟੋ-ਘੱਟ ਅੱਠ ਮਹੀਨਿਆਂ ਤੱਕ ਖ਼ੂਨ ਵਿੱਚ ਰਹਿੰਦੇ ਹਨ।

ਦੱਸ ਦਈਏ ਕਿ ਪ੍ਰਮੁੱਖ ਵਿਗਿਆਨਕ ਸਲਾਹਕਾਰ ਕੇ. ਵਿਜੈਰਾਘਵਨ ਨੇ 5 ਮਈ ਨੂੰ ਕਿਹਾ ਸੀ ਕਿ ਕੋਵਿਡ ਲਾਗ ਦੀ ਤੀਜੀ ਲਹਿਰ ਨੂੰ ਨਹੀਂ ਟਾਲਿਆ ਜਾ ਸਕਦਾ ਤੇ ਇਸ ਨਵੀਂ ਲਹਿਰ ਦੇ ਟਾਕਰੇ ਲਈ ਹੁਣ ਤੋਂ ਹੀ ਤਿਆਰੀਆਂ ਕਰਨ ਦੀ ਲੋੜ ਹੈ। ਹਾਲਾਂਕਿ ਦੋ ਦਿਨ ਮਗਰੋਂ ਉਨ੍ਹਾਂ ਕਿਹਾ ਕਿ ਜੇਕਰ ਸਖ਼ਤ ਕਦਮ ਚੁੱਕੇ ਜਾਣ ਤੇ ਇਨ੍ਹਾਂ ਨੂੰ ਰਾਜਾਂ, ਜ਼ਿਲ੍ਹਿਆਂ ਤੇ ਸ਼ਹਿਰ ਪੱਧਰ ’ਤੇ ਅਸਰਦਾਰ ਤਰੀਕੇ ਨਾਲ ਲਾਗੂ ਕੀਤਾ ਜਾਵੇ ਤਾਂ ਸ਼ਾਇਦ ਦੇਸ਼ ਵਿੱਚ ਤੀਜੀ ਲਹਿਰ ਨਾ ਆਵੇ।