ਨਵੀਂ ਦਿੱਲੀ: ਭਾਰਤ ਸਰਕਾਰ ਫੌਜ ਦੇ ਸਿਸਟਮ ਨੂੰ ਪੂਰੀ ਤਰ੍ਹਾਂ ਬਦਲਣ ਜਾ ਰਹੀ ਹੈ। ਹੁਣ ਦੇਸ਼ ਦੀਆਂ ਹਥਿਆਰਬੰਦ ਫੌਜਾਂ ਵਿੱਚ ਨੌਜਵਾਨਾਂ ਦੀ ਭਰਤੀ ਲਈ ‘ਅਗਨੀਪਥ’ ਨਾਂ ਦੀ ਭਰਤੀ ਯੋਜਨਾ ਸ਼ੁਰੂ ਕੀਤੀ ਹੈ। ਸਕੀਮ ਤਹਿਤ ਥਲ, ਜਲ ਤੇ ਹਵਾਈ ਸੈਨਾ ਵਿੱਚ ਚਾਰ ਸਾਲ ਲਈ ਠੇਕਾ ਆਧਾਰ ’ਤੇ ਨੌਜਵਾਨ ਭਰਤੀ ਕੀਤੇ ਜਾਣਗੇ। ਮੰਤਰਾਲੇ ਨੇ ਕਿਹਾ ਕਿ ਹਥਿਆਰਬੰਦ ਬਲਾਂ ਵੱਲੋਂ ਇਸ ਸਾਲ 46000 ‘ਅਗਨੀਵੀਰਾਂ’ ਦੀ ਭਰਤੀ ਕੀਤੀ ਜਾਵੇਗੀ, ਜਿਸ ਲਈ ਯੋਗਤਾ ਉਮਰ 17.5 ਸਾਲ ਤੋਂ 21 ਸਾਲ ਦਰਮਿਆਨ ਹੋਵੇਗੀ। ਸਕੀਮ ਤਹਿਤ ਭਰਤੀ 90 ਦਿਨਾਂ ਅੰਦਰ ਸ਼ੁਰੂ ਹੋ ਜਾਵੇਗੀ।


ਅਹਿਮ ਗੱਲ ਹੈ ਕਿ ‘ਅਗਨੀਪਥ’ ਸਕੀਮ ਨਾਲ ਫੌਜ ਵਿੱਚ ਵੱਡਾ ਫੇਰਬਦਲ ਹੋ ਰਿਹਾ ਹੈ।’ ਮੰਨਿਆ ਜਾ ਰਿਹਾ ਹੈ ਕਿ ਬਰਤਾਨਵੀ ਯੁੱਗ ਦੇ ਭਰਤੀ ਪ੍ਰਬੰਧ, ਜੋ ਕੁਝ ਖਾਸ ਵਰਗਾਂ ਨਾਲ ਸਬੰਧਤ ਰੈਜੀਮੈਂਟਾਂ ’ਤੇ ਅਧਾਰਤ ਸਨ, ’ਤੇ ਅਸਰ ਪਏਗਾ। ਹਾਲ ਦੀ ਘੜੀ ਸਿੱਖ ਰੈਜੀਮੈਂਟ, ਰਾਜਪੂਤ ਰੈਜੀਮੈਂਟ, ਮਰਾਠਾ ਰੈਜੀਮੈਂਟ ਜਾਂ ਜਾਟ ਰੈਜੀਮੈਂਟ ਵਿੱਚ ਕ੍ਰਮਵਾਰ ਇਨ੍ਹਾਂ ਭਾਈਚਾਰਿਆਂ ਵਿੱਚੋਂ ਹੀ ਭਰਤੀ ਕੀਤੀ ਜਾਂਦੀ ਹੈ। ਭਵਿੱਖ ਵਿੱਚ ਹੁਣ ਇਨ੍ਹਾਂ ਰੈਜੀਮੈਂਟਾਂ ਵਿੱਚ ਪੂਰੇ ਭਾਰਤ ਤੇ ਸਾਰੀਆਂ ਜਮਾਤਾਂ ਵਿੱਚੋਂ ਭਰਤੀ ਕੀਤੀ ਜਾਵੇਗੀ। ਬੀਤੇ ਵਿੱਚ ਮੁੰਡਿਆਂ ਨੂੰ ਉਸੇ ਜੀਨ-ਪੂਲ ਤੇ ਖਾਸ ਭੂਗੋਲਿਕ ਟਿਕਾਣਿਆਂ ਤੋਂ ਹੀ ਸਬੰਧਤ ਰੈਜੀਮੈਂਟ ਵਿੱਚ ਲਿਆ ਜਾਂਦਾ ਸੀ। ਪੁਰਾਣੀਆਂ ਰੈਜੀਮੈਂਟਾਂ ਵਿੱਚ ਇਹ ਪ੍ਰਬੰਧ ਪਿਛਲੇ 150 ਸਾਲਾਂ ਤੋਂ ਵੀ ਵਧ ਸਮੇਂ ਤੋਂ ਚਲਦਾ ਆ ਰਿਹਾ ਸੀ ਤੇ ਕੁਝ ਕੇਸਾਂ ਵਿੱਚ ਇਹ ਪ੍ਰਬੰਧ 200 ਸਾਲ ਪੁਰਾਣਾ ਹੈ।


ਉਧਰ ਜਦੋਂ ਥਲ ਸੈਨਾ ਮੁਖੀ ਜਨਰਲ ਮਨੋਜ ਪਾਂਡੇ ਨੇ ਕਿਹਾ, ‘‘75 ਫੀਸਦੀ ਯੂਨਿਟਾਂ ਵਿੱਚ ‘ਸਾਰਾ ਭਾਰਤ, ਸਾਰੇ ਵਰਗ’ ਵਾਲਾ ਨੇਮ ਪਹਿਲਾਂ ਹੀ ਲਾਗੂ ਹੈ ਜਦੋਂਕਿ ਕੁਝ ਸੀਮਤ ਰੈਜੀਮੈਂਟਾਂ ਵਿੱਚ ਵਰਗੀਕਰਨ ਆਧਾਰਿਤ ਬਣਤਰ ਨਜ਼ਰ ਆਉਂਦੀ ਹੈ। ਰੈਜੀਮੈਂਟਲ ਪ੍ਰਬੰਧ ਤੇ ਵਰਗੀਕਰਨ ਦੋ ਵੱਖੋ ਵੱਖਰੇ ਸੰਕਲਪ ਹਨ।’’ ਜਨਰਲ ਪਾਂਡੇ ਨੇ ਕਿਹਾ, ‘‘ਇਸ ਨਾਲ ਭਰਤੀ ਦਾ ਘੇਰਾ ਮੋਕਲਾ ਹੋਵੇਗਾ ਤੇ ਸਾਰਿਆਂ ਨੂੰ ਬਰਾਬਰ ਦੇ ਮੌਕੇ ਮਿਲਣਗੇ। ਅਸੀਂ ਵਰਗੀਕਰਨ ਦੀ ਪ੍ਰਵਾਹ ਕੀਤੇ ਬਗੈਰ ਰੈਜੀਮੈਂਟਲ ਸਾਂਝ ਤੋਂ ਤਾਕਤ ਲੈਂਦੇ ਰਹਾਂਗੇ...ਨਾਮ ਨਮਕ ਨਿਸ਼ਾਨ ਦੇ ਸੁਭਾਅ ਨਾਲ ਕਈ ਸਮਝੌਤਾ ਨਹੀਂ ਕੀਤਾ ਜਾਵੇਗਾ। ਰੈਜੀਮੈਂਟ ਆਪਣੇ ਨਾਮ ਤੇ ਗੌਰਵ ਲਈ ਲੜਦੀ ਹੈ ਤੇ ਫੌਜ ਇਸੇ ਧਾਰਨਾ ’ਤੇ ਆਧਾਰਿਤ ਹੈ।’’


ਥਲ ਸੈਨਾ ਮੁਖੀ ਨੇ ਕਿਹਾ, ‘‘ਅਸੀਂ ਆਸ ਕਰਦੇ ਹਾਂ ਇਹ ਰੈਜੀਮੈਂਟਾਂ (ਜੋ ਵਿਸ਼ੇਸ਼ ਵਰਗਾਂ ਨਾਲ ਸਬੰਧਤ ਹਨ) ਵਰਗ ਅਧਾਰਿਤ ਕਿਰਦਾਰ ਤੋਂ ‘ਸਾਰੇ ਭਾਰਤੀ, ਸਾਰੇ ਵਰਗ’ ਢਾਂਚੇ ’ਚ ਵਿਗਸਣਗੀਆਂ।’’ ਨਵੀਂ ਭਰਤੀ ਨਾਲ ਸਿੱਖ, ਰਾਜਪੂਤ, ਜਾਟ ਜਾਂ ਮਰਾਠਾ ਰੈਜੀਮੈਂਟਾਂ ਅਸਰਅੰਦਾਜ਼ ਹੋਣਗੀਆਂ ਕਿਉਂਕਿ ਹੁਣ ਹੋਰਨਾਂ ਵਰਗਾਂ ਦੇ ਨੌਜਵਾਨਾਂ ਨੂੰ ਇਸ ਵਿੱਚ ਸ਼ਾਮਲ ਕੀਤਾ ਜਾਵੇਗਾ।


ਇਹ ਵੀ ਪੜ੍ਹੋ: ਅਕਾਲੀ ਦਲ ਨੂੰ ਕੋਈ ਉਮੀਦਵਾਰ ਨਹੀਂ ਲੱਭਿਆ, ਮਜਬੂਰਨ ਬੀਬੀ ਕਮਲਦੀਪ ਕੌਰ ਨੂੰ ਖੜ੍ਹਾ ਕਰਨਾ ਪਿਆ, ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ 'ਤੇ ਆਪ ਦਾ 'ਹਮਲਾ