ਨਵੀਂ ਦਿੱਲੀ: ਦੇਸ਼ ਦੇ ਸਭ ਤੋਂ ਵੱਡੇ ਬੈਂਕ ਘੁਟਾਲੇ ਦੇ ਦੋਸ਼ੀ ਮੇਹੁਲ ਚੌਕਸੀ ਸਬੰਧੀ ਨਵਾਂ ਖੁਲਾਸਾ ਹੋਇਆ ਹੈ। ਐਂਟੀਗੁਆ ਸਰਕਾਰ ਨੇ ਕਿਹਾ ਕਿ 13,000 ਕਰੋੜ ਵਾਲੇ ਪੰਜਾਬ ਨੈਸ਼ਨਲ ਬੈਂਕ ਘੁਟਾਲੇ ਦੇ ਮੁੱਖ ਮੁਲਜ਼ਮ ਮੇਹੁਲ ਨੂੰ ਨਾਗਰਿਕਤਾ ਦੇਣ ਤੋਂ ਪਹਿਲਾਂ ਭਾਰਤ ਸਰਕਾਰ ਨਾਲ ਸੰਪਰਕ ਕੀਤਾ ਗਿਆ ਸੀ। ਉੱਥੋਂ ਦੀ ਸਰਕਾਰ ਨੇ ਵਿਦੇਸ਼ ਮੰਤਰਾਲੇ ਤੇ ਆਰਪੀਓ ਦਫਤਰ ਤੋਂ ਮੇਹੁਲ ਦੀ ਜਾਣਕਾਰੀ ਮੰਗੀ ਸੀ ਪਰ ਦੋਵੇਂ ਜਗ੍ਹਾ ਤੋਂ ਮੇਹੁਲ ਖਿਲਾਫ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ। ਸਵਾਲ ਉੱਠਦਾ ਹੈ ਕਿ ਕੀ ਭਾਰਤ ਸਰਕਾਰ ਮੇਹੁਲ ਚੌਕਸੀ ਨੂੰ ਬਚਾ ਰਹੀ ਹੈ?

ਤਿੱਖੀ ਪੜਤਾਲ ਤੋਂ ਬਾਅਦ ਮਿਲੀ ਨਾਗਰਿਕਤਾ

ਚੌਕਸੀ ਨੇ ਨਵੰਬਰ, 2017 'ਚ ਐਂਟੀਗੁਆ ਦੀ ਨਾਗਰਿਕਤਾ ਲਈ ਸੀ। ਐਂਟੀਗੁਆ ਤੇ ਬਾਰਬੂਡਾ ਦੀ ਇਕਾਈ 'ਦ ਸਿਟੀਜ਼ਨਸ਼ਿਪ ਬਾਏ ਇਨਵੈਸਟਮੈਂਟ' ਨੇ ਸਥਾਨਕ ਅਖ਼ਬਾਰਾਂ 'ਚ ਕਿਹਾ ਕਿ ਚੌਕਸੀ ਦੀ ਨਾਗਰਿਕਤਾ ਦੀ ਅਰਜ਼ੀ ਨੂੰ ਅੰਤਰਰਾਸ਼ਟਰੀ ਕ੍ਰਿਮੀਨਲ ਪੁਲਿਸ ਆਰਗੇਨਾਈਜਸ਼ਨ ਜਿਹੀਆਂ ਚੰਗੇ ਵੱਕਾਰ ਵਾਲੀਆਂ ਏਜੰਸੀਆਂ ਜ਼ਰੀਏ ਤਿੱਖੀ ਪੜਤਾਲ ਤੇ ਅੰਤਰਰਾਸ਼ਟਰੀ ਜਾਂਚ ਤੋਂ ਬਾਅਦ ਮਨਜੂਰੀ ਦਿੱਤੀ ਗਈ।

ਜ਼ਿਕਰਯੋਗ ਹੈ ਕਿ ਐਂਟੀਗੁਆ ਤੇ ਬਾਰਬੂਡਾ ਦੇ ਸਿਟੀਜ਼ਨਸ਼ਿਪ ਬਾਏ ਇਨਵੈਸਟਮੈਂਟ ਪ੍ਰੋਗਰਾਮ ਦੇ ਤਹਿਤ ਕੋਈ ਵਿਅਕਤੀ ਐਨਡੀਐਫ ਨਿਵੇਸ਼ ਫੰਡ 'ਚ ਘੱਟੋ-ਘੱਟ ਇੱਕ ਲੱਖ ਡਾਲਰ ਨਿਵੇਸ਼ ਕਰਕੇ ਪਾਸਪੋਰਟ ਹਾਸਿਲ ਕਰ ਸਕਦਾ ਹੈ।

ਮੌਜੂਦਾ ਸਮੇਂ ਐਂਟੀਗੁਆ ਚ ਚੌਕਸੀ

28 ਜੁਲਾਈ ਨੂੰ ਐਂਟੀਗੁਆ ਸਰਕਾਰ ਨੇ ਸੀਬੀਆਈ ਨੂੰ ਪੱਤਰ ਭੇਜਿਆ ਸੀ ਜਿਸ 'ਚ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਸੀ ਕਿ ਚੌਕਸੀ ਉਨ੍ਹਾਂ ਦੇ ਦੇਸ਼ 'ਚ ਹੀ ਹੈ।

ਦੱਸ ਦੇਈਏ ਕਿ ਚੌਕਸੀ ਏਸੇ ਸਾਲ ਜਨਵਰੀ ਦੇ ਪਹਿਲੇ ਹਫਤੇ ਭਾਰਤ 'ਚੋਂ ਫਰਾਰ ਹੋ ਗਿਆ ਸੀ। ਉਸ ਤੋਂ ਬਾਅਦ ਅਮਰੀਕਾ ਚਲਾ ਗਿਆ ਸੀ। 8 ਜੁਲਾਈ ਨੂੰ ਮੇਹੁਲ ਅਮਰੀਕਾ ਤੋਂ ਭੱਜ ਕੇ ਐਂਟੀਗੁਆ ਚਲਾ ਗਿਆ। ਮੇਹੁਲ ਚੌਕਸੀ ਪੀਐਨਬੀ ਘੁਟਾਲੇ 'ਚ ਹੋਰ ਦੋਸ਼ੀ ਨੀਰਵ ਮੋਦੀ ਦਾ ਮਾਮਾ ਹੈ। ਦੋਵੇਂ ਪੀਐਨਬੀ ਨੂੰ ਕਰੋੜਾਂ ਦਾ ਚੂਨਾ ਲਾਕੇ ਫਰਾਰ ਹੋ ਗਏ।