ਨਵੀਂ ਦਿੱਲੀ: ਹੁਣ ਸਰਕਾਰ ਤੇ ਬੀਜੇਪੀ ਨੂੰ ਵੀ ਸ਼ਾਇਦ ਅਹਿਸਾਸ ਹੋਣ ਲੱਗਾ ਹੈ ਕਿ ਕਾਰੋਬਾਰੀਆਂ 'ਚ ਸਭ ਠੀਕ ਨਹੀਂ ਚੱਲ ਰਿਹਾ। 'ਏਬੀਪੀ ਸਾਂਝਾ' ਨੂੰ ਮਿਲੀ ਜਾਣਕਾਰੀ ਮੁਤਾਬਕ ਕੇਂਦਰ ਸਰਕਾਰ ਦੇ ਮੰਤਰੀ ਹੁਣ ਕਾਰੋਬਾਰੀਆਂ ਵਿੱਚ ਜਾ ਕੇ ਉਨ੍ਹਾਂ ਦਾ ਹਾਲ ਜਾਣਨਗੇ। ਮੰਤਰੀਆਂ ਨੂੰ ਕਾਰੋਬਾਰੀਆਂ ਨਾਲ ਸਿੱਧਾ ਰਾਬਤਾ ਬਣਾਉਣ ਦਾ ਹੁਕਮ ਜਾਰੀ ਕਰ ਦਿੱਤਾ ਹੈ। ਇਸ 'ਚ ਖਾਸ ਇਹ ਹੋਵੇਗਾ ਕਿ ਜੀਐਸਟੀ ਤੋਂ ਬਾਅਦ ਉਨ੍ਹਾਂ ਨੂੰ ਕਿਸ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦਾ ਵੀ ਧਿਆਨ ਰੱਖਿਆ ਜਾਵੇਗਾ ਕਿ ਇਸ ਨਾਲ ਨਿਪਟਣ ਲਈ ਉਹ ਸਰਕਾਰ ਤੋਂ ਕੀ ਉਮੀਦਾਂ ਲਾਈ ਬੈਠੇ ਹਨ। ਇਸ 'ਚ ਛੋਟੇ ਕਾਰੋਬਾਰੀਆਂ ਵੱਲ ਖਾਸ ਧਿਆਨ ਦੇਣ ਜ਼ੋਰ ਦਿੱਤਾ ਗਿਆ ਹੈ। ਦਰਅਸਲ ਅਜਿਹਾ ਹਿਮਾਚਲ ਪ੍ਰਦੇਸ਼ ਤੇ ਗੁਜਰਾਤ 'ਚ ਵਿਧਾਨ ਸਭਾ ਚੋਣਾਂ ਹੋਣ ਕਾਰਨ ਵੀ ਕੀਤਾ ਜਾ ਰਿਹਾ ਹੈ। ਉਸ ਤੋਂ ਬਾਅਦ ਮੋਦੀ ਸਰਕਾਰ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ 'ਚ ਜੁਟਣ ਵਾਲੀ ਹੈ। ਦੂਜੇ ਪਾਸੇ ਇਤਿਹਾਸ ਗਵਾਹ ਹੈ ਕਿ ਦੂਜੇ ਦੇਸ਼ਾਂ 'ਚ ਜਿਸ ਜਿਸ ਸਰਕਾਰ ਨੇ ਜੀਐਸਟੀ ਲਾਗੂ ਕੀਤਾ ਹੈ, ਉਹ ਅਗਲੀ ਵਾਰ ਸੱਤਾ 'ਚ ਨਹੀਂ ਆਈ। ਇਸ ਲਈ ਸਰਕਾਰ ਹੁਣ ਹਰ ਕਦਮ ਦੇਖ ਕੇ ਧਰਨਾ ਚਾਹੁੰਦੀ ਹੈ।