ਰਾਜਪਾਲ ਨੇ ਕਿਹਾ ਕਿ ਅੱਜ ਅਸੀਂ ਜੰਮੂ-ਕਸ਼ਮੀਰ ਪ੍ਰਸ਼ਾਸਨ ਵਿੱਚ 50,000 ਨੌਕਰੀਆਂ ਦਾ ਐਲਾਨ ਕਰਦੇ ਹਾਂ। ਅਸੀਂ ਨੌਜਵਾਨਾਂ ਨੂੰ ਪੂਰੇ ਜੋਸ਼ ਨਾਲ ਸ਼ਾਮਲ ਹੋਣ ਦੀ ਅਪੀਲ ਕਰਾਂਗੇ ਅਤੇ ਆਉਣ ਵਾਲੇ ਦੋ-ਤਿੰਨ ਮਹੀਨਿਆਂ ਵਿੱਚ ਸਾਰੀਆਂ ਪੋਸਟਾਂ ਭਰੀਆਂ ਜਾਣਗੀਆਂ।
ਉਨ੍ਹਾਂ ਕਿਹਾ ਕਿ ਸੂਬੇ ਵਿੱਚ ਹੁਣ ਹਾਲਾਤ ਆਮ ਵਾਂਗ ਹੋ ਗਏ ਹਨ। ਅਸੀਂ ਜਾਨ-ਮਾਲ ਦਾ ਨੁਕਸਾਨ ਨਹੀਂ ਹੋਣ ਦਿੱਤਾ। ਉਨ੍ਹਾਂ ਕਿਹਾ ਕਿ ਹਰ ਕਸ਼ਮੀਰੀ ਦਾ ਜੀਵਨ ਸਾਡੇ ਲਈ ਮਹੱਤਵਪੂਰਨ ਹੈ। ਰਾਜਪਾਲ ਨੇ ਅੱਜ ਤੋਂ ਕੁਪਵਾੜਾ ਤੇ ਹੰਦਵਾੜਾ ਵਿੱਚ ਮੋਬਾਈਲ ਫ਼ੋਨ ਸੇਵਾਵਾਂ ਬਹਾਲ ਕਰਨ ਦਾ ਐਲਾਨ ਵੀ ਕੀਤਾ।
ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਵੱਲੋਂ ਜੰਮੂ-ਕਸ਼ਮੀਰ ਦੇ ਪੁਨਰਗਠਨ ਅਤੇ ਧਾਰਾ 370 ਨੂੰ ਨਕਾਰਾ ਕਰਨ ਤੋਂ ਬਾਅਦ ਸੂਬੇ ਵਿੱਚ ਕਾਫੀ ਸਖ਼ਤੀ ਕੀਤੀ ਗਈ ਸੀ। ਇਸ ਤੋਂ ਬਾਅਦ ਹੌਲੀ-ਹੌਲੀ ਜ਼ਿੰਦਗੀ ਲੀਹ 'ਤੇ ਆ ਰਹੀ ਹੈ। ਅੱਜ ਰਾਜਪਾਲ ਨੇ ਕਿਹਾ ਕਿ ਪਿਛਲੇ ਦਿਨੀਂ ਕਿਸੇ ਦੀ ਮੌਤ ਨਹੀਂ ਹੋਈ, ਸਿਰਫ ਕੁਝ ਜ਼ਖ਼ਮੀ ਹੋਏ ਹਨ। ਉਨ੍ਹਾਂ ਇਹ ਵੀ ਕਿਹਾ ਕਿ ਦੇਸ਼ ਵਿਰੋਧੀਆਂ ਲਈ ਇੰਟਰਨੈੱਟ ਸੁਖਾਲਾ ਹਥਿਆਰ ਹੈ ਤੇ ਕੁਨੈਕਸ਼ਨਾਂ ਦੀ ਬਹਾਲੀ ਹੋਣ ਵਿੱਚ ਕੁਝ ਸਮਾਂ ਹੋਰ ਲੱਗ ਸਕਦਾ ਹੈ।