ਸ੍ਰੀਨਗਰ: ਤੇਜ਼ੀ ਨਾਲ ਵਧਦੀਆਂ ਬਲਾਤਕਾਰ ਦੀਆਂ ਘਟਨਾਵਾਂ ਸਬੰਧੀ ਇੱਕ ਟਵੀਟ ਕਰਨ ਵਾਲੇ 2010 ਬੈਚ ਦੇ UPSC ਟਾਪਰ ਸ਼ਾਹ ਫੈਸਲ ਖ਼ਿਲਾਫ਼ ਜੰਮੂ-ਕਸ਼ਮੀਰ ਸਰਕਾਰ ਨੇ ਅਨੁਸ਼ਾਸਨਹੀਣਤਾ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਫੈਸਲ ਨੂੰ ਭੇਜੇ ਸਰਕਾਰੀ ਨੋਟਿਸ ਵਿੱਚ ਪ੍ਰਸ਼ਾਸਨ ਵਿਭਾਗ ਨੇ ਕਿਹਾ ਹੈ ਕਿ ਉਹ ਕਥਿਤ ਤੌਰ ’ਤੇ ਅਧਿਕਾਰਿਤ ਕਰਤੱਵ ਨਿਭਾਉਣ ਦੌਰਾਨ ਪੂਰੀ ਈਮਾਨਦਾਰੀ ਤੇ ਸੱਚਾਈ ਦਾ ਪਾਲਣ ਕਰਨ ਵਿੱਚ ਅਸਲਫਲ ਰਿਹਾ ਹੈ ਜੋ ਇੱਕ ਲੋਕ ਸੇਵਕ ਲਈ ਉੱਚਿਤ ਵਿਹਾਰ ਨਹੀਂ ਹੈ।

ਸੂਤਰਾਂ ਮੁਤਾਬਕ ਫੈਸਲ ਨੇ ਟਵੀਟ ਕੀਤਾ ਸੀ, ਜਨਸੰਖਿਆ + ਪੋਸ਼ਣ + ਅਨਪੜ੍ਹਤਾ + ਸ਼ਰਾਬ + ਪੋਰਨ + ਤਕਨਾਲੋਜੀ + ਅਰਾਜਕਤਾ = ਰੇਪਿਸਤਾਨ।

ਸ਼ਾਹ ਫੈਸਲ ਦੇ ਟਵੀਟ ’ਤੇ ਪਰਸੋਨਲ ਤੇ ਸਿਖਲਾਈ ਵਿਭਾਗ ਨੇ ਇਤਰਾਜ਼ ਕੀਤਾ ਹੈ ਜਿਸ ਲਈ ਉਸ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਫੈਸਲ ਜੰਮੂ-ਕਸ਼ਮੀਰ ਪਾਵਰ ਡੈਵੈਲਪਮੈਂਟ ਕਾਰਪੋਰੇਸ਼ਨ ਦਾ ਐਮਡੀ ਹੈ।

ਨੋਟਿਸ ਮਿਲਣ ਬਾਅਦ ਉਸ ਦੀ ਕਾਪੀ ਪੋਸਟ ਕਰਦਿਆਂ ਫੈਸਲ ਨੇ ਲਿਖਿਆ ਕਿ ਦੱਖਣੀ ਏਸ਼ੀਆ ਵਿੱਚ ਬਲਾਤਕਾਰ ਖ਼ਿਲਾਫ਼ ਉਸ ਦੇ ਵਿਅੰਗਾਤਮਕ ਟਵੀਟ ਬਦਲੇ ਉਸ ਦੇ ਬੌਸ ਕੋਲੋਂ ਉਸ ਨੂੰ ਲਵ ਲੈਟਰ ਮਿਲਿਆ ਹੈ।