ਚੰਡੀਗੜ੍ਹ: ਸਰਕਾਰ ਦੀ ਲਾਪ੍ਰਵਾਹੀ ਨਾਲ ਦੇਸ਼ ਵਿੱਚ ਰੋਜ਼ਾਨਾ ਕਰੋੜਾਂ ਦਾ ਅਨਾਜ ਸੜ ਰਿਹਾ ਹੈ। ਪਿਛਲੇ 10 ਸਾਲਾਂ ਵਿੱਚ ਭਾਰਤ ਵਿੱਚ 7 ਲੱਖ 80 ਹਜ਼ਾਰ ਕੁਇੰਟਲ ਅਨਾਜ ਸੜ ਗਿਆ। ਇਸੇ ਸਾਲ ਹੁਣ ਤਕ 4640 ਕੁਇੰਟਲ ਅਨਾਜ ਖਰਾਬ ਹੋ ਚੁੱਕਾ ਹੈ। ਜਿੰਨਾ ਅਨਾਜ ਖਰਾਬ ਹੋ ਚੁੱਕਾ ਹੈ, ਉਸ ਨਾਲ ਹਰ ਰੋਜ਼ ਤਕਰੀਬਨ 43 ਹਜ਼ਾਰ ਲੋਕਾਂ ਦਾ ਪੇਟ ਭਰਿਆ ਜਾ ਸਕਦਾ ਸੀ। ਆਸਟ੍ਰੇਲੀਆ ਇੱਕ ਸਾਲ ਵਿੱਚ 21 ਮਿਲੀਅਨ ਮੀਟ੍ਰਿਕ ਟਨ ਕਣਕ ਬੀਜਦਾ ਹੈ। ਭਾਰਤ ਸੜਨ ਤੇ ਭੰਡਾਰਨ ਦੀਆਂ ਸਮੱਸਿਆਵਾਂ ਕਰਕੇ ਓਨਾ ਹੀ ਅਨਾਜ ਬਰਬਾਦ ਕਰ ਦਿੰਦਾ ਹੈ। ਸਰਕਾਰੀ ਗੋਦਾਮਾਂ ਵਿੱਚ ਅਨਾਜ ਸੜਨ ਦਾ ਸਭ ਤੋਂ ਵੱਡਾ ਕਾਰਨ ਬਾਰਸ਼ ਵਿੱਚ ਇਸ ਦਾ ਭਿੱਜਣਾ ਹੈ। ਅਨਾਜ ਬਰਬਾਦ ਕਰਨ ਦੇ ਮਾਮਲੇ ਵਿੱਚ ਪੱਛਮੀ ਬੰਗਾਲ ਸਿਖਰ 'ਤੇ ਹੈ। ਉਸ ਤੋਂ ਬਾਅਦ ਮਹਾਰਾਸ਼ਟਰ, ਬਿਹਾਰ ਤੇ ਉੜੀਸਾ ਦਾ ਨੰਬਰ ਆਉਂਦਾ ਹੈ। ਅਨਾਜ ਸੜਨ ਨਾਲ ਜੁੜੇ ਕੁਝ ਤੱਥ  2009 ਤੋਂ 2014 ਤੱਕ ਮਨਮੋਹਨ ਸਿੰਘ ਸਰਕਾਰ ਦੌਰਾਨ ਗੋਦਾਮਾਂ ਵਿੱਚ ਪਿਆ 4 ਲੱਖ 42 ਹਜ਼ਾਰ ਕੁਇੰਟਲ ਅਨਾਜ ਸੜ ਗਿਆ ਤੇ 2014 ਤੋਂ ਹੁਣ ਤਕ ਮੋਦੀ ਸਰਕਾਰ ਵਿੱਚ 3 ਲੱਖ 38 ਹਜ਼ਾਰ ਕੁਇੰਟਲ ਅਨਾਜ ਸੜ ਚੁੱਕਾ ਹੈ। ਮਨਮੋਹਨ ਸਿੰਘ ਦੀ ਸਰਕਾਰ ਦੇ ਮੁਕਾਬਲੇ, ਮੋਦੀ ਸਰਕਾਰ ਵੇਲੇ 1 ਲੱਖ 4 ਹਜ਼ਾਰ ਕੁਇੰਟਲ ਅਨਾਜ ਸੜਨ ਤੋਂ ਬਚ ਗਿਆ। ਇਸ ਮਾਮਲੇ 'ਚ ਪੱਛਮੀ ਬੰਗਾਲ ਪਹਿਲੇ ਨੰਬਰ 'ਤੇ ਹੈ ਜਿੱਥੇ 1 ਲੱਖ 54 ਹਜ਼ਾਰ 810 ਕੁਇੰਟਲ ਅਨਾਜ ਬਰਬਾਦ ਹੋ ਗਿਆ। ਮਹਾਰਾਸ਼ਟਰ ਵਿੱਚ 1 ਲੱਖ 12 ਹਜ਼ਾਰ 640 ਕੁਇੰਟਲ ਤੇ ਬਿਹਾਰ ਵਿੱਚ 82 ਹਜ਼ਾਰ 10 ਕੁਇੰਟਲ ਅਨਾਜ ਦੀ ਬਰਬਾਦੀ ਹੋਈ। ਸਭ ਤੋਂ ਹੇਠਾਂ ਦਿੱਲੀ, ਮੱਧ ਪ੍ਰਦੇਸ਼ ਤੇ ਰਾਜਸਥਾਨ ਹਨ। ਧਿਆਨਦੇਣ ਯੋਗ ਗੱਲ ਇਹ ਹੈ ਕਿ ਖਰਾਬ ਹੋਏ ਅਨਾਜ ਵਿੱਚ ਵਿਦੇਸ਼ਾਂ ਤੋਂ ਆਯਾਤ ਕੀਤਾ ਅਨਾਜ ਵੀ ਸ਼ਾਮਲ ਹੈ। ਦੇਸ਼ ਵਿੱਚ ਹਰ ਰੋਜ਼ ਲਗਪਗ 20 ਕਰੋੜ ਲੋਕ ਪੇਟ ਭਰ ਖਾਣਾ ਨਹੀਂ ਖਾਂਦੇ। 821 ਬੱਚੇ ਰੋਜ਼ਾਨਾ ਢੁਕਵੀਂ ਖ਼ੁਰਾਕ ਨਾ ਮਿਲਣ ਕਰਕੇ ਮਰਦੇ ਹਨ। ਖੇਤ ਤੋਂ ਸਰਕਾਰੀ ਗੋਦਾਮਾਂ ਵਿੱਚ ਲੈ ਕੇ ਜਾਣ ਤਕ ਹੀ 12.64 ਕਰੋੜ ਕੁਇੰਟਲ ਅਨਾਜ ਖਰਾਬ ਹੋ ਜਾਂਦਾ ਹੈ। ਇਹ ਸਰਕਾਰੀ ਗੋਦਾਮਾਂ ਤਕ ਪਹੁੰਚਦਾ ਹੀ ਨਹੀਂ। ਦੇਸ਼ ਵਿੱਚ ਇਸ ਵੇਲੇ 70 ਹਜ਼ਾਰ 80 ਪੈਕ ਹਾਊਸ ਦੀ ਲੋੜ ਹੈ, ਪਰ ਮੌਜੂਦ ਸਿਰਫ 247 ਹੀ ਹਨ। ਪੈਕ ਹਾਊਸ ਵਿੱਚ ਅਨਾਜ ਨੂੰ ਧੋਣ, ਸੁਕਾਉਣ, ਪੈਕਿੰਗ ਕਰਨ, ਪ੍ਰੀ-ਕੂਲਿੰਗ ਆਦਿ ਕਰਨਾ ਹੁੰਦਾ ਹੈ। ਦੇਸ਼ ਵਿੱਚ ਅਜਿਹੇ ਵਾਹਨਾਂ ਦੀ ਗਿਣਤੀ ਬਹੁਤ ਘੱਟ ਹੈ, ਜਿਸ ਵਿੱਚ ਰੈਫਰਿਜਰੇਟਰ ਲੱਗਾ ਹੋਏ। ਮੌਜੂਦਾ ਅਜਿਹੇ 9 ਹਜ਼ਾਰ ਵਾਹਨ ਹਨ, ਜਦਕਿ ਜ਼ਰੂਰਤ 61 ਹਜ਼ਾਰ 826 ਵਾਹਨਾਂ ਦੀ ਹੈ।