ਗਾਂਧੀਨਗਰ: ਗੁਜਰਾਤ ਵਿਧਾਨ ਸਭਾ ਤੋਂ ਬਿਲਕੁਲ ਪਹਿਲਾਂ ਬੀਜੇਪੀ ਨੂੰ ਦੋਹਰਾ ਝਟਕਾ ਲੱਗਾ ਹੈ। ਪਹਿਲਾਂ ਨਰਿੰਦਰ ਪਟੇਲ ਤੇ ਹੁਣ ਨਿਖਿਲ ਸਵਾਨੀ ਨੇ ਪਾਰਟੀ ਛੱਡ ਦਿੱਤੀ ਹੈ। ਦੋਵੇਂ ਨੇਤਾ ਹਾਰਦਿਕ ਪਟੇਲ ਦੇ ਬੇਹੱਦ ਕਰੀਬੀ ਹਨ। ਇਸ ਨਵੀਂ ਹਲਚਲ ਤੋਂ ਬਾਅਦ ਗੁਜਰਾਤ ਵਿਧਾਨ ਸਭਾ ਚੋਣਾਂ 'ਚ ਨਵਾਂ ਮੋੜ ਆ ਗਿਆ ਹੈ। ਨਿਖਿਲ ਸਵਾਨੀ ਕੁਝ ਦਿਨ ਪਹਿਲਾਂ ਹੀ ਬੀਜੇਪੀ ਸ਼ਾਮਲ ਹੋਇਆ ਸੀ। ਨਿਖਿਲ ਨੇ ਕਿਹਾ ਹੈ ਕਿ ਉਸ ਦਾ ਭਾਜਪਾ 'ਚ ਜਾਣ ਦਾ ਫੈਸਲਾ ਗਲਤ ਸੀ।

ਨਿਖਿਲ ਸਵਾਨੀ ਨੇ ਬੀਜੇਪੀ 'ਤੇ ਖਰੀਦ ਫਰੋਖਤ ਕਰਨ ਦੇ ਇਲਜ਼ਾਮ ਲਾਉਂਦਿਆਂ ਕਿਹਾ ਕਿ ਭਾਜਪਾ ਪਾਟੀਦਾਰਾਂ ਨੂੰ ਤੋੜਨ 'ਚ ਲੱਗੀ ਹੋਈ ਹੈ। ਸਵਾਨੀ ਨੇ ਕਿਹਾ ਕਿ ਜੋ ਪਾਟੀਦਾਰਾਂ ਦੀ ਭਲਾਈ ਲਈ ਕੰਮ ਕਰੇਗੀ, ਅਸੀਂ ਉਸ ਦਾ ਸਾਥ ਦਵਾਂਗੇ।

ਬੀਤੇ ਦਿਨ ਹਾਰਦਿਕ ਪਟੇਲ ਦੇ ਕਰੀਬ ਤੇ ਪਾਟੀਦਾਰ ਨੇਤਾ ਨਰਿੰਦਰ ਪਟੇਲ ਨੇ ਮੀਡੀਆ ਸਾਹਮਣੇ ਬੀਜੇਪੀ 'ਤੇ ਵੱਡਾ ਇਲਜ਼ਾਮ ਲਾਇਆ ਸੀ। ਨਰਿੰਦਰ ਪਟੇਲ ਨੇ ਦਾਅਵਾ ਕੀਤਾ ਕਿ ਬੀਜੇਪੀ 'ਚ ਸ਼ਾਮਲ ਹੋਣ ਲਈ ਉਸ ਨੂੰ ਇੱਕ ਕਰੋੜ ਦੀ ਪੇਸ਼ਕਸ਼ ਕੀਤੀ ਗਈ ਸੀ ਜਿਸ 'ਚ 10 ਲੱਖ ਰੁਪਏ ਉਸ ਨੂੰ ਮਿਲ ਚੁੱਕੇ ਸਨ, ਜਿਨ੍ਹਾਂ ਨੂੰ ਉਸ ਨੇ ਮੀਡੀਆ ਸਾਹਮਣੇ ਵੀ ਦਿਖਾਇਆ।