ਨਵੀਂ ਦਿੱਲੀ: ਗੁਜਰਾਤ 'ਚ ਪਟੇਲ ਰਾਖਵਾਂਕਰਨ ਅੰਦੋਲਨ ਦੇ ਨੇਤਾ ਹਾਰਦਿਕ ਪਟੇਲ ਦੇ ਖਾਸ ਸਹਿਯੋਗੀ ਵਰੁਣ ਤੇ ਰੇਸ਼ਮਾ ਪਟੇਲ ਦੇ ਬੀਜੇਪੀ 'ਚ ਸ਼ਾਮਲ ਹੋਣ ਤੋਂ ਬਾਅਦ ਹਾਰਦਿਕ ਨੇ ਬੀਜੇਪੀ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਹਾਰਦਿਕ ਪਟੇਲ ਨੇ 'ਏਬੀਪੀ ਨਿਊਜ਼' ਨਾਲ ਖਾਸ ਗੱਲਬਾਤ 'ਚ ਕਾਂਗਰਸ ਲਈ ਨਰਮ ਤੇ ਬੀਜੇਪੀ ਲਈ ਗਰਮ ਰਵੱਈਆ ਵਿਖਾਇਆ। ਇਸ ਦੇ ਨਾਲ ਹੀ ਹਾਰਦਿਕ ਨੇ ਕਾਂਗਰਸ ਪਾਰਟੀ ਨਾਲ ਰਾਜਨੀਤੀ 'ਚ ਆਉਣ ਦੀ ਗੱਲ 'ਤੇ ਵੀ ਖੁੱਲ੍ਹ ਕੇ ਗੱਲ ਕੀਤੀ।

ਹਾਰਦਿਕ ਨੇ ਕਿਹਾ, "ਕਾਂਗਰਸ ਨੇ ਮੈਨੂੰ ਸੱਦਿਆ ਹੈ ਪਰ ਰਾਜਨੀਤੀ 'ਚ ਨਹੀਂ ਆਵਾਂਗਾ ਪਰ ਬੀਜੇਪੀ ਨੂੰ ਹਰਾਉਣ ਲਈ ਕੰਮ ਕਰਾਂਗਾ। ਇੰਨਾ ਹੀ ਨਹੀਂ ਬੀਜੇਪੀ ਨੂੰ ਲੈ ਕੇ ਹਾਰਦਿਕ 'ਚ ਇੰਨਾ ਰੋਸ਼ ਹੈ ਕਿ ਉਨ੍ਹਾਂ ਕਹਿ ਦਿੱਤਾ ਕਿ ਕਾਂਗਰਸ, ਬੀਜੇਪੀ ਤੋਂ ਚੰਗੀ ਪਾਰਟੀ ਹੈ।" ਹਾਰਦਿਕ ਨੇ ਕਿਹਾ ਕਿ ਕਾਂਗਰਸ 'ਚ ਬੀਜੇਪੀ ਤੋਂ ਜ਼ਿਆਦਾ ਲੋਕਤੰਤਰ ਹੈ। ਇਸ ਤੋਂ ਇਲਾਵਾ ਆਪਣੇ ਕਰੀਬੀ ਵਰੁਣ ਤੇ ਰੇਸ਼ਮਾ 'ਤੇ ਵੀ ਹਾਰਦਿਕ ਨੇ ਤਿੱਖੇ ਹਮਲੇ ਕੀਤੇ।

ਹਾਰਦਿਕ ਨੇ ਆਪਣੇ ਸਭ ਤੋਂ ਕਰੀਬੀ ਵਰੁਣ ਤੇ ਰੇਸ਼ਮਾ ਦੇ ਬੀਜੇਪੀ 'ਚ ਸ਼ਾਮਲ ਹੋਣ 'ਤੇ ਕਿਹਾ ਕਿ ਉਹ ਗੱਦਾਰ ਹਨ। ਕੱਲ੍ਹ ਤੱਕ ਬੀਜੇਪੀ ਨੂੰ ਗਾਲਾਂ ਕੱਢਦੇ ਸਨ, ਹੁਣ ਬੀਜੇਪੀ ਨੇ ਉਨ੍ਹਾਂ ਨੂੰ ਖਰੀਦ ਲਿਆ ਹੈ। ਹਾਰਦਿਕ ਨੇ ਕਿਹਾ ਕਿ ਸਾਡੇ ਕੁਝ ਹੋਰ ਬੰਦੇ ਬੀਜੇਪੀ 'ਚ ਜਾ ਸਕਦੇ ਹਨ। ਓਬੀਸੀ ਲੋਕਾਂ ਬਾਰੇ ਕਿਹਾ ਕਿ ਓਬੀਸੀ ਦੇ ਲੋਕ ਵੀ ਗਰੀਬ ਹਨ। ਉਨ੍ਹਾਂ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ। ਇਸ ਲਈ ਰਸਤੇ ਕੱਢੇ ਜਾ ਸਕਦੇ ਹਨ।