ਨਵੀਂ ਦਿੱਲੀ: ਗੁਜਰਾਤ 'ਚ ਚੋਣਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਾਖ ਦਾਅ 'ਤੇ ਲਾ ਦਿੱਤੀ ਹੈ। ਇਸ ਲਈ ਮੋਦੀ ਇਸ ਮਹੀਨੇ 'ਚ ਅੱਜ ਤੀਜੀ ਵਾਰ ਗੁਜਰਾਤ ਦੌਰੇ 'ਤੇ ਹਨ। ਬੀਜੇਪੀ ਦਾ ਗੜ੍ਹ ਮੰਨਿਆ ਜਾਣ ਵਾਲਾ ਗੁਜਰਾਤ ਹੁਣ ਮੋਦੀ ਲਈ ਹੀ ਹਊਆ ਬਣਿਆ ਜਾਪ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਕਰਕੇ ਚੋਣ ਕਮਿਸ਼ਨ ਗੁਜਾਰਤ ਚੋਣਾਂ ਦੀਆਂ ਤਾਰੀਖਾਂ ਲਗਾਤਾਰ ਟਾਲ ਰਿਰਾ ਹੈ।
ਇਸ ਦਾ ਲਾਹਾ ਲੈਂਦਿਆਂ ਗੁਜਰਾਤ 'ਚ ਚੋਣਾਂ ਦੇ ਐਲਾਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਅੱਜ ਇੱਕ ਵਾਰ ਫਿਰ ਆਪਣੇ ਸੂਬੇ ਵਿੱਚ ਗਏ। ਇਸ ਮਹੀਨੇ ਵਿੱਚ ਅੱਜ ਉਹ ਤੀਜੀ ਵਾਰ ਗੁਜਰਾਤ ਗਏ ਹਨ। ਇਸ ਦੌਰਾਨ ਉਹ ਦੱਖਣੀ ਗੁਜਰਾਤ ਤੇ ਸੌਰਾਸ਼ਟਰ ਵਿਚਾਲੇ ਦਾ ਫਾਸਲਾ ਘੱਟ ਕਰਨ ਵਾਲੇ ਰੋ-ਰੋ ਫੇਰੀ ਪ੍ਰੋਜੈਕਟ ਦਾ ਉਦਘਾਟਨ ਕਰਨਗੇ। 14 ਕਿਲੋਮੀਟਰ ਲੰਮੇ ਰੋਡ ਸ਼ੋਅ ਸਮੇਤ ਕਈ ਹੋਰ ਪ੍ਰੋਗਰਾਮਾਂ 'ਚ ਵੀ ਹਿੱਸਾ ਲੈਣਗੇ।
ਗੁਜਰਾਤ ਚੋਣਾਂ ਦੇ ਦੇਸ਼ ਦੀ ਰਾਜਨੀਤੀ ਤੇ 2019 ਦੇ ਲੋਕ ਸਭਾ ਚੋਣਾਂ 'ਚ ਅਸਰ ਨੂੰ ਵੇਖਦੇ ਹੋਏ ਬੀਜੇਪੀ ਦੀ ਪੂਰੀ ਟੀਮ ਇਸ ਨੂੰ ਗੰਭੀਰਤਾ ਨਾਲ ਲੈ ਰਹੀ ਹੈ। ਪਿਛਲੇ ਕਰੀਬ 15 ਸਾਲ ਤੋਂ ਸੂਬੇ 'ਚ ਪਹਿਲੀ ਵਾਰ ਭਾਜਪਾ ਗੁਜਰਾਤ 'ਚ ਬੀਜੇਪੀ ਬਿਨਾ ਮੋਦੀ ਚੋਣ ਲੜੇਗੀ।
ਮੋਦੀ ਦੀ ਗੁਜਰਾਤ ਫੇਰੀ ਅਜਿਹੇ ਵਕਤ 'ਚ ਹੋ ਰਹੀ ਹੈ ਜਦੋਂ ਕਾਂਗਰਸ ਖਾਸ ਤੌਰ 'ਤੇ ਰਾਹੁਲ ਗਾਂਧੀ ਬੀਜੇਪੀ ਦੇ ਗੁਜਰਾਤ ਮਾਡਲ 'ਤੇ ਲਗਾਤਾਰ ਸਵਾਲ ਚੁੱਕ ਰਹੇ ਹਨ। ਕਾਂਗਰਸ ਦੇ ਉਪ ਪ੍ਰਧਾਨ ਵੀ ਕਈ ਵਾਰ ਗੁਜਰਾਤ ਦੀ ਫੇਰੀ ਲਾ ਚੁੱਕੇ ਹਨ। ਰਾਹੁਲ ਗਾਂਧੀ ਨੇ ਬੀਜੇਪੀ ਤੇ ਪ੍ਰਧਾਨ ਮੰਤਰੀ ਦੇ ਵਿਕਾਸ ਦੇ ਦਾਅਵਿਆਂ 'ਤੇ ਤਨਜ਼ ਕਰਦੇ ਹੋਏ ਕਈ ਵਾਰ ਕਿਹਾ ਹੈ ਕਿ ਵਿਕਾਸ ਪਾਗਲ ਹੋ ਗਿਆ ਹੈ।
ਪੀਐਮ ਮੋਦੀ ਦੇ ਦੌਰੇ ਤੋਂ ਪਹਿਲਾਂ ਕਾਂਗਰਸ ਨੇ ਹਮਲੇ ਸ਼ੁਰੂ ਕਰ ਦਿੱਤੇ ਹਨ। ਕਾਂਗਰਸ ਦੇ ਵੱਡੇ ਲੀਡਰ ਪੀ ਚਿਦੰਬਰਮ ਨੇ ਚੋਣ ਕਮਿਸ਼ਨ 'ਤੇ ਚੋਣਾਂ ਦਾ ਐਲਾਨ ਨਾ ਕਰਨ 'ਤੇ ਸਵਾਲ ਚੁੱਕੇ ਹਨ। ਚੋਣ ਕਮਿਸ਼ਨ ਨੇ ਹਿਮਾਚਲ ਦੀਆਂ ਚੋਣਾਂ ਦਾ ਐਲਾਨ ਤਾਂ ਕਰ ਦਿੱਤਾ ਹੈ ਪਰ ਗੁਜਰਾਤ ਦੀ ਤਰੀਕ ਦਾ ਐਲਾਨ ਅਜੇ ਬਾਕੀ ਹੈ। ਇਸ ਕਾਰਨ ਵਿਰੋਧੀ ਧਿਰ ਨੇ ਇਲਜ਼ਾਮ ਲਾਇਆ ਹੈ ਕਿ ਚੋਣ ਕਮਿਸ਼ਨ ਨੇ ਬੀਜੇਪੀ ਨੂੰ ਗੱਫੇ ਵੰਡਣ ਲਈ ਸਮਾਂ ਦੇ ਦਿੱਤਾ ਹੈ।