ਨਵੀਂ ਦਿੱਲੀ: ਕਿਸੇ ਬਲਾਤਕਾਰ ਪੀੜਤ ਦੀ ਚੁੱਪੀ ਨੂੰ ਉਸ ਨਾਲ ਸਰੀਰਕ ਸਬੰਧ ਬਣਾਉਣ ਦੀ ਸਹਿਮਤੀ ਦਾ ਸਬੂਤ ਨਹੀਂ ਮੰਨਿਆ ਜਾ ਸਕਦਾ ਹੈ। ਦਿੱਲੀ ਹਾਈਕੋਰਟ ਨੇ ਇਹ ਟਿੱਪਣੀ ਕਰਦਿਆਂ ਇੱਕ ਗਰਭਵਤੀ ਔਰਤ ਨਾਲ ਬਲਾਤਕਾਰ ਕਰਨ ਵਾਲੇ ਦੋਸ਼ੀ ਦੀ ਸਜ਼ਾ ਬਰਕਰਾਰ ਰੱਖੀ ਹੈ। ਇਸ ਨੂੰ ਹੇਠਲੀ ਅਦਾਲਤ ਨੇ 10 ਸਾਲ ਦੀ ਸਜ਼ਾ ਸੁਣਾਈ ਸੀ। ਦੋਸ਼ੀ ਦੀ ਦਲੀਲ ਸੀ ਕਿ ਘਟਨਾ 'ਚ ਮਹਿਲਾ ਦੀ ਚੁੱਪੀ ਦੱਸਦੀ ਹੈ ਕਿ ਉਸ ਨੇ ਰਜ਼ਾਮੰਦੀ ਨਾਲ ਸਰੀਰਕ ਸਬੰਧ ਬਣਾਏ ਸੀ।

ਜਸਟਿਸ ਸੰਗੀਤਾ ਢੀਂਗਰਾ ਨੇ ਕਿਹਾ ਕਿ ਮੁਲਜ਼ਮ ਨੇ ਆਪਣੀ ਬਚਾਅ ਦੀ ਦਲੀਲ ਦਿੱਤੀ ਹੈ ਪਰ ਇਸ ਦਾ ਕੋਈ ਅਧਾਰ ਨਹੀਂ। ਚੁੱਪੀ ਨਾਲ ਇਹ ਗੱਲ ਸਾਬਤ ਨਹੀਂ ਹੁੰਦੀ ਕਿ ਉਸ ਦੀ ਸਹਿਮਤੀ ਸੀ। ਉਨ੍ਹਾਂ ਕਿਹਾ ਕਿ ਇਸ ਨੂੰ ਰੇਪ ਮੰਨਿਆ ਜਾਵੇਗਾ ਤੇ ਵਿਅਕਤੀ ਦੀ ਸਜ਼ਾ ਬਰਕਰਾਰ ਰੱਖੀ ਜਾਵੇਗੀ।

ਦਰਅਸਲ ਮਾਮਲਾ ਇਹ ਹੈ ਕਿ ਦੋ ਸਾਲ ਪਹਿਲਾਂ 28 ਸਾਲ ਦੇ ਮੰਨਾ ਨੇ 19 ਸਾਲ ਦੀ ਕੁੜੀ ਨਾਲ ਕਈ ਵਾਰ ਬਲਾਤਕਾਰ ਕੀਤਾ ਸੀ। ਇਸ ਤੋਂ ਬਾਅਦ ਇਹ ਮਾਮਲਾ ਅਦਾਲਤ 'ਚ ਆਇਆ ਤੇ ਦੋਸ਼ੀ ਨੂੰ 10 ਸਾਲ ਦੀ ਸਜ਼ਾ ਸੁਣਾਈ। ਉਦੋਂ ਤੋਂ ਇਹ ਮਾਮਲਾ ਹਾਈਕੋਰਟ 'ਚ ਚੱਲ ਰਿਹਾ ਹੈ। ਦੱਸਣਯੋਗ ਹੈ ਕਿ ਇਸ ਮਹਿਲਾ ਨੂੰ ਨੌਕਰੀ ਦਾ ਲਾਲਚ ਦੇ ਕੇ ਲਗਾਤਾਰ ਬਲਾਤਕਾਰ ਕੀਤਾ ਗਿਆ ਸੀ।