ਸੂਰਤ: ਗੁਜਰਾਤ ਦੇ ਸੂਰਤ 'ਚ ਇੱਕ ਮੁਸਲਮਾਨ ਵਿਅਕਤੀ ਖਿਲਾਫ ਆਪਣੀ ਪਤਨੀ ਨੂੰ ਫੋਨ 'ਤੇ ਤਲਾਕ ਦੇਣ ਦੇ ਦੋਸ਼ 'ਚ ਵੀਰਵਾਰ ਨੂੰ ਨਵੇਂ ਤੀਹਰੇ ਤਾਲਕ ਕਾਨੂੰਨ ਤਹਿਤ ਕੇਸ ਦਰਜ ਕੀਤਾ ਗਿਆ। ਡਿਪਟੀ ਕਮਿਸ਼ਨਰ ਪੰਨਾ ਮੋਮਾਇਆ ਨੇ ਦੱਸਿਆ ਕਿ ਸੰਸਦ ਵਿੱਚ ਮੁਸਲਿਮ ਮਹਿਲਾ (ਵਿਆਹ ਅਧਿਕਾਰਾਂ ਦੀ ਰਾਖੀ) ਐਕਟ, 2019 ਦੇ ਪਾਸ ਹੋਣ ਤੋਂ ਬਾਅਦ ਗੁਜਰਾਤ ਵਿੱਚ ਇਸ ਕਾਨੂੰਨ ਦੇ ਤਹਿਤ ਦਰਜ ਹੋਣ ਵਾਲਾ ਇਹ ਪਹਿਲਾ ਕੇਸ ਹੈ।


ਮਹਿਲਾ ਦੀ ਸ਼ਿਕਾਇਤ ਦੇ ਅਨੁਸਾਰ ਉਸ ਦਾ ਪਤੀ ਮੁਹੰਮਦ ਉਰਫ ਵਸੀਮ ਪਠਾਨ ਤੇ ਉਸਦੀ ਮਾਂ ਪਿਛਲੇ ਡੇਢ ਸਾਲ ਤੋਂ ਉਸ ਨਾਲ ਮਾੜਾ ਸਲੂਕ ਕਰ ਰਹੇ ਸੀ। ਉਸ ਨੇ ਦੱਸਿਆ ਕਿ ਝਗੜੇ ਤੋਂ ਬਾਅਦ, ਜੂਨ ਵਿੱਚ, ਪਠਾਨ ਉਸ ਨੂੰ ਉਸ ਦੇ ਮਾਪਿਆਂ ਦੇ ਘਰ ਲੈ ਗਿਆ ਤੇ ਉਸ ਨੂੰ ਉਥੇ ਛੱਡ ਦਿੱਤਾ।


ਮਹਿਲਾ ਨੇ ਇਲਜ਼ਾਮ ਲਾਇਆ ਕਿ ਉਸੇ ਰਾਤ ਪਠਾਨ ਨੇ ਉਸ ਨੂੰ ਫ਼ੋਨ ਕੀਤਾ ਤੇ ਤਿੰਨ ਵਾਰ ਤਲਾਕ ਬੋਲ ਦਿੱਤਾ। ਪੀੜਤ ਮਹਿਲਾ ਨੇ ਆਪਣੇ ਪਤੀ ਪਠਾਨ ਖ਼ਿਲਾਫ਼ ਵੀਰਵਾਰ ਨੂੰ ਸ਼ਿਕਾਇਤ ਦਰਜ ਕਰਵਾਈ ਹੈ।