ਗੁਜਰਾਤ ਚੋਣਾਂ: ਦੂਜੇ ਪੜਾਅ 'ਚ 93 ਸੀਟਾਂ 'ਤੇ ਹੋ ਰਹੀ ਹੈ ਵੋਟਿੰਗ...
ਏਬੀਪੀ ਸਾਂਝਾ | 14 Dec 2017 09:58 AM (IST)
ਨਵੀਂ ਦਿੱਲੀ- ਅੱਜ ਗੁਜਰਾਤ ਵਿਧਾਨ ਸਭਾ ਚੋਣਾਂ ਦੇ ਦੂਸਰੇ ਪੜਾਅ ਲਈ ਵੋਟਿੰਗ ਹੋ ਰਹੀ ਹੈ। ਇਹ ਚੋਣਾਂ ਸੂਬੇ ਦੇ ਉੱਤਰ ਅਤੇ ਮੱਧਵਰਤੀ ਖੇਤਰ ਦੇ 14 ਜ਼ਿਲ੍ਹਿਆਂ ਦੀਆਂ 93 ਸੀਟਾਂ 'ਤੇ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਵੋਟਾਂ ਪੈ ਰਹੀਆਂ ਹਨ। ਦੂਸਰੇ ਪੜਾਅ 'ਚ ਉੱਪ ਮੁੱਖ ਮੰਤਰੀ ਨਿਤਿਨ ਪਟੇਲ (ਮਹੇਸਾਣਾ), ਮੰਤਰੀ ਭੁਪਿੰਦਰ ਚੂੜਾਸਮਾ (ਧੋਲਕਾ), ਮੰਤਰੀ ਸ਼ੰਕਰ ਚੌਧਰੀ (ਵਾਵ), ਕਾਂਗਰਸ ਦੇ ਅਲਪੇਸ਼ ਪਟੇਲ (ਰਾਧਨਪੁਰ) ਸਮੇਤ ਕੁੱਲ 851 ਉਮੀਦਵਾਰ ਚੋਣ ਮੈਦਾਨ 'ਚ ਹਨ। ਜਿੰਨ੍ਹਾਂ 'ਚ 69 ਔਰਤ ਉਮੀਦਵਾਰ ਹਨ। ਭਾਜਪਾ ਨੇ 93, ਕਾਂਗਰਸ ਨੇ 91, ਰਾਕਪਾ ਨੇ 28, ਬਸਪਾ ਨੇ 75, ਆਮ ਆਦਮੀ ਪਾਰਟੀ ਨੇ 8, ਸ਼ਿਵ ਸੈਨਾ ਨੇ 17, ਜਨਤਾ ਦਲ ਯੂ ਨੇ 14 ਉਮੀਦਵਾਰ ਚੋਣ ਮੈਦਾਨ 'ਚ ਉਤਾਰੇ ਹਨ | ਇਸ ਤੋਂ ਇਲਾਵਾ 350 ਆਜ਼ਾਦ ਉਮੀਦਵਾਰ ਅਤੇ ਗੈਰ ਮਾਨਤਾ ਪ੍ਰਾਪਤ ਪਾਰਟੀਆਂ ਦੇ 170 ਉਮੀਦਵਾਰ ਵੀ ਮੈਦਾਨ 'ਚ ਹਨ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ੁਦ ਅਹਿਮਦਾਬਾਦ ਦੇ ਰਾਣਿਪ ਖੇਤਰ 'ਚ ਨਿਸ਼ਾਨ ਵਿਦਿਆਲਿਆ ਪੋਲਿੰਗ ਬੂਥ 'ਤੇ ਵੋਟ ਪਾਉਣਗੇ ਜਦੋਂਕਿ ਭਾਜਪਾ ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਸ਼ਾਹਪੁਰ ਦੇ ਹਿੰਦੀ ਵਿਦਿਆਲਿਆ, ਵਿੱਤ ਮੰਤਰੀ ਅਰੁਣ ਜੇਤਲੀ ਵੇਜਲਪੁਰ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਨਰਾਇਣ ਪੁਰ 'ਚ ਆਪਣੀ ਵੋਟ ਪਾਉਣਗੇ। ਗੁਜਰਾਤ ਦੇ ਮੁੱਖ ਚੋਣ ਅਧਿਕਾਰੀ ਬੀ. ਬੀ. ਸਵੇਨ ਨੇ ਦੱਸਿਆ ਕਿ ਦੂਸਰੇ ਪੜਾਅ ਲਈ ਚੋਣ ਅਮਲੇ ਦੇ ਕਰੀਬ 2 ਲੱਖ ਮੁਲਾਜ਼ਮ ਅਤੇ ਇਕ ਲੱਖ ਤੋਂ ਵੱਧ ਸੁਰੱਖਿਆ ਮੁਲਾਜ਼ਮ ਤੈਨਾਤ ਕੀਤੇ ਗਏ ਹਨ। ਵੋਟਾਂ ਪਾਉਣ ਦਾ ਕੰਮ ਸਵੇਰੇ 8 ਵਜੇ ਸ਼ੁਰੂ ਹੋਵੇਗਾ ਅਤੇ ਸ਼ਾਮ 5 ਵਜੇ ਤੱਕ ਪੋਲਿੰਗ ਹੋਵੇਗੀ।