ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੂ ਪੀ ਏ ਗੱਠਜੋੜ ਦੀ ਡਾ: ਮਨਮੋਹਨ ਸਿੰਘ ਦੀ ਅਗਵਾਈ ਵਾਲੀ ਪਿਛਲੀ ਸਰਕਾਰ ਉੱਤੇ ਵੱਡਾ ਇਲਜ਼ਾਮ ਲਾਇਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਕਾਰਜਕਾਲ ਵਿਚ ਚੋਣਵੇਂ ਉਦਯੋਗਪਤੀਆਂ ਨੂੰ ਹਜ਼ਾਰਾਂ ਕਰੋੜ ਰੁਪਏ ਦੇ ਕਰਜ਼ੇ ਦੇਣ ਲਈ ਬੈਂਕਾਂ ਉਤੇ ਦਬਾਅ ਪਾਇਆ ਗਿਆ। ਪ੍ਰਧਾਨ ਮੰਤਰੀ ਨੇ ਇਸ ਨੂੰ 2ਜੀ, ਕੋਲਾ ਅਤੇ ਕਾਮਨਵੈੱਲਥ ਖੇਡ ਘੁਟਾਲਿਆ ਤੋਂ ਵੀ ਵੱਡਾ ਘੁਟਾਲਾ ਆਖਿਆ।


ਰਾਸ਼ਟਰੀ ਰਾਜਧਾਨੀ ਨਵੀਂ ਦਿੱਲੀ ਵਿਚ ਫੈਡਰੇਸ਼ਨ ਆਫ ਇੰਡੀਅਨ ਚੈਂਬਰਜ਼ ਆਫ ਕਾਮਰਸ ਐਂਡ ਇੰਡਸਟਰੀਜ਼ (ਫ਼ਿੱਕੀ) ਦੇ 90ਵੀਂ ਸਾਲਾਨਾ ਜਨਰਲ ਅਜਲਾਸ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਬੈਂਕਾਂ ਦੇ ਗ਼ੈਰ-ਉਪਜਾਊ ਖਾਤਿਆਂ (ਐਨ ਪੀ ਏ) ਜਾਂ ਡੁੱਬੇ ਹੋਏ ਕਰਜ਼ੇ ਦੀ ਸਮੱਸਿਆ ਪਿਛਲੀ ਸਰਕਾਰ ਦੇ ਅਰਥ ਸ਼ਾਸਤਰੀਆਂ ਦੀ ਦੇਣ ਹੈ।

ਉਨ੍ਹਾ ਨੇ ਕਿਹਾ ਕਿ ਪਿਛਲੀ ਸਰਕਾਰ ਵੇਲੇ ਚੋਣਵੇਂ ਉਦਯੋਗਪਤੀਆਂ ਨੂੰ ਦਿਤਾ ਕਰਜ਼ਾ ਲੋਕਾਂ ਦੇ ਪੈਸੇ ਦੀ ਲੁੱਟ ਸੀ, ਜਿਹੜਾ ਕੋਲਾ ਬਲਾਕਾਂ ਦੀ ਅਲਾਟਮੈਂਟ ਦੇ ਘਪਲੇ ਤੋਂ ਵੱਡਾ ਘਪਲਾ ਹੈ। ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਉਦਯੋਗ ਜਗਤ ਨੂੰ ਧਿਆਨ ਵਿਚ ਰੱਖ ਕੇ ਨੀਤੀਆਂ ਬਣਾ ਰਹੀ ਹੈ ਤੇ ਪੁਰਾਣੇ ਤੇ ਬੇਕਾਰ ਹੋ ਚੁਕੇ ਕਾਨੂੰਨ ਖ਼ਤਮ ਕਰ ਰਹੀ ਹੈ।