ਹੁਣ ਅਧਿਆਪਕਾਂ 'ਤੇ ਰਹੇਗੀ ਸਰਕਾਰ ਦੀ ਹਰ ਵੇਲੇ ਨਜ਼ਰ, ਕਾਲ ਸੈਂਟਰ ਤੋਂ ਖੜਕੇਗੀ ਘੰਟੀ
ਏਬੀਪੀ ਸਾਂਝਾ | 21 May 2019 04:21 PM (IST)
ਸੂਬਾ ਸਰਕਾਰ ਨੇ ਅਧਿਆਪਕਾਂ 'ਤੇ ਨਜ਼ਰ ਰੱਖਣ ਸਬੰਧੀ ਇੱਕ ਕਾਲ ਸੈਂਟਰ ਬਣਾਇਆ ਹੈ। ਇਸ ਕਾਲ ਸੈਂਟਰ ਤੋਂ ਰੋਜ਼ਾਨਾ ਅਧਿਆਪਕਾਂ ਨੂੰ ਕਾਲ ਕੀਤੀ ਜਾਏਗੀ ਤੇ ਉਨ੍ਹਾਂ ਕੋਲੋਂ ਉਨ੍ਹਾਂ ਦੀ ਲੋਕੇਸ਼ਨ ਤੇ ਕੰਮਕਾਜ ਨਾਲ ਸਬੰਧਤ ਪ੍ਰਸ਼ਨਾਂ ਦੇ ਜਵਾਬ ਮੰਗੇ ਜਾਣਗੇ।
ਗਾਂਧੀਨਗਰ: ਗੁਜਾਰਾਤ ਵਿੱਚ ਸਿੱਖਿਆ ਸੁਧਾਰ ਲਿਆਉਣ ਤੇ ਬਗੈਰ ਕਾਰਨ ਦੱਸੇ ਸਕੂਲਾਂ ਵਿੱਚੋਂ ਡਿਊਟੀ ਤੋਂ ਗ਼ਾਇਬ ਹੋਣ ਵਾਲੇ ਅਧਿਆਪਕਾਂ 'ਤੇ ਨਜ਼ਰ ਰੱਖਣ ਲਈ ਗੁਜਰਾਤ ਸਰਕਾਰ ਨੇ ਨਵਾਂ ਤਰੀਕਾ ਲੱਭਿਆ ਹੈ। ਸੂਬਾ ਸਰਕਾਰ ਨੇ ਅਧਿਆਪਕਾਂ 'ਤੇ ਨਜ਼ਰ ਰੱਖਣ ਸਬੰਧੀ ਇੱਕ ਕਾਲ ਸੈਂਟਰ ਬਣਾਇਆ ਹੈ। ਇਸ ਕਾਲ ਸੈਂਟਰ ਤੋਂ ਰੋਜ਼ਾਨਾ ਅਧਿਆਪਕਾਂ ਨੂੰ ਕਾਲ ਕੀਤੀ ਜਾਏਗੀ ਤੇ ਉਨ੍ਹਾਂ ਕੋਲੋਂ ਉਨ੍ਹਾਂ ਦੀ ਲੋਕੇਸ਼ਨ ਤੇ ਕੰਮਕਾਜ ਨਾਲ ਸਬੰਧਤ ਪ੍ਰਸ਼ਨਾਂ ਦੇ ਜਵਾਬ ਮੰਗੇ ਜਾਣਗੇ। ਅਜਿਹੇ ਵਿੱਚ ਜੇ ਕੋਈ ਅਧਿਆਪਕ ਛੁੱਟੀ 'ਤੇ ਜਾਂਦਾ ਹੈ ਤਾਂ ਉਸ ਨੂੰ ਪੂਰੀ ਜਾਣਕਾਰੀ ਦੇਣੀ ਪਏਗੀ। ਜੇ ਉਹ ਛੁੱਟੀ ਲੈਂਦੇ ਹਨ ਤਾਂ ਕਾਲ ਸੈਂਟਰ ਵਿੱਚ ਬੈਠੇ ਪ੍ਰਤੀਨਿਧੀ ਪੂਰੀ ਜਾਣਕਾਰੀ ਵੀ ਮੰਗ ਸਕਦੇ ਹਨ ਕਿ ਕਿੰਨੇ ਦਿਨਾਂ ਦੀ ਛੁੱਟੀ ਲੈਣੀ ਹੈ ਤੇ ਕਿਸ ਦੀ ਮਨਜ਼ੂਰੀ ਨਾਲ ਲਈ ਹੈ। ਸਰਕਾਰ ਵੱਲੋਂ ਲਾਗੂ ਕੀਤੇ ਇਸ ਰੀਅਲ ਟਾਈਮ ਸਰਵਿਲਾਂਸ ਪਲਾਨ ਨਾਲ ਸਰਕਾਰੀ ਸਕੂਲਾਂ ਦੇ 1.95 ਲੱਖ ਅਧਿਆਪਕਾਂ 'ਤੇ ਨਜ਼ਰ ਰੱਖੀ ਜਾਏਗੀ। 10 ਜੂਨ ਦੇ ਬਾਅਦ ਨਵੇਂ ਸੈਸ਼ਨ ਤੋਂ ਇਸ ਦੀ ਸ਼ੁਰੂਆਤ ਕੀਤੀ ਜਾਏਗੀ। ਅਧਿਕਾਰੀਆਂ ਤੋਂ ਜਾਣਕਾਰੀ ਮਿਲੀ ਹੈ ਕਿ ਸਰਕਾਰੀ ਸਕੂਲਾਂ ਦੇ ਅਧਿਆਪਕ ਬਿਨਾ ਕਿਸੇ ਸੂਚਨਾ ਦੇ ਗਾਇਬ ਰਹਿੰਦੇ ਸੀ। ਇਸ ਨਾਲ ਬੱਚਿਆਂ ਦੀ ਪੜ੍ਹਾਈ 'ਤੇ ਕਾਫੀ ਮਾੜਾ ਅਸਰ ਪੈਂਦਾ ਸੀ।