ਅਹਿਮਦਾਬਾਦ: ਗੁਜਰਾਤ ਵਿਧਾਨ ਸਭਾ ਚੋਣ ਲਈ ਪਹਿਲੇ ਗੇੜ ਦੀ ਵੋਟਿੰਗ ਸ਼ਨੀਵਾਰ ਨੂੰ ਪੂਰੀ ਹੋ ਚੁੱਕੀ ਹੈ। ਇਸ ਦੇ ਨਾਲ ਹੀ ਸਭ ਸਿਆਸੀ ਪਾਰਟੀਆਂ ਵੱਲੋਂ ਦੂਜੇ ਗੇੜ ਦੀ ਵੋਟਿੰਗ ਲਈ ਪ੍ਰਚਾਰ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਗਈ ਹੈ। ਇਸੇ ਤਹਿਤ ਕਾਂਗਰਸ ਤੇ ਭਾਜਪਾ ਦੇ ਪ੍ਰਮੁੱਖ ਆਗੂ ਤਾਬੜਤੋੜ ਰੈਲੀਆਂ ਨਾਲ ਵਾਰ-ਪਲਟਵਾਰ ਕਰਨਗੇ।
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸ਼ਨੀਵਾਰ ਨੂੰ ਵੀ ਗੁਜਰਾਤ 'ਚ ਜਨ ਸਭਾਵਾਂ ਨੂੰ ਸੰਬੋਧਨ ਕੀਤਾ ਸੀ। ਜਿੱਥੇ ਉਨ੍ਹਾਂ ਕਾਂਗਰਸ 'ਤੇ ਖੂਬ ਸ਼ਬਦੀਵਾਰ ਕੀਤੇ ਤੇ ਅੱਜ ਵੀ ਪੀਐਮ ਮੋਦੀ ਗੁਜਰਾਤ ਦੇ ਪਾਲਨਪੁਰ, ਸਾਣੰਦ, ਕਲੋਲ ਤੇ ਵਡੋਦਰਾ 'ਚ ਰੈਲੀਆਂ ਕਰ ਵੋਟਰਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕਰਨਗੇ।
ਉੱਥੇ ਹੀ ਕਾਂਗਰਸੀ ਉਪ ਪ੍ਰਧਾਨ ਰਾਹੁਲ ਗਾਂਧੀ ਇੱਕ ਵਾਰ ਫਿਰ ਗੁਜਰਾਤ ਵਿੱਚ ਮੰਦਰ ਜਾ ਕੇ ਚੋਣ ਪ੍ਰਚਾਰ ਦੀ ਸ਼ੁਰੂਆਤ ਕਰਨਗੇ। ਉਨ੍ਹਾਂ ਦੀਆਂ ਰੈਲੀਆਂ ਦਾ ਆਗਾਜ਼ ਖੇੜਾ ਤੋਂ ਹੋਵੇਗਾ। ਇਸ ਤੋਂ ਬਾਅਦ ਉਹ ਅਰਾਵਲੀ, ਬਨਾਸਕਾਂਠਾ ਤੇ ਗਾਂਧੀਨਗਰ ਜ਼ਿਲ੍ਹਿਆਂ ਵਿੱਚ ਵੱਖ-ਵੱਖ ਜਨ ਸਭਾਵਾਂ ਕਰਨਗੇ। ਰਾਹੁਲ ਗਾਂਧੀ ਸਭ ਤੋਂ ਪਹਿਲਾਂ ਖੇੜਾ ਜ਼ਿਲ੍ਹੇ ਦੇ ਦਾਕੋਰ ਜਾਣਗੇ। ਇੱਥੇ ਉਹ ਰੰਛੋੜਜੀ ਮੰਦਰ ਜਾ ਕੇ ਭਗਵਾਨ ਦੇ ਦਰਸ਼ਨ ਕਰਨਗੇ ਤੇ ਪੂਜਾ ਤੋਂ ਬਾਅਦ ਚੋਣ ਪ੍ਰਚਾਰ ਲਈ ਨਿਕਲਣਗੇ।
ਗੌਰਤਲਬ ਹੈ ਕਿ ਦੂਜੇ ਗੇੜ ਦੀ ਵੋਟਿੰਗ 14 ਦਸੰਬਰ ਨੂੰ ਹੋਵੇਗੀ ਜਿਸ ਲਈ ਬੀਜੇਪੀ ਤੇ ਕਾਂਗਰਸ ਆਗੂਆਂ ਨੇ ਪੂਰੀ ਤਾਕਤ ਲਾ ਦਿੱਤੀ ਹੈ। ਇਹੀ ਵਜ੍ਹਾ ਹੈ ਕਿ ਪੀਐਮ ਮੋਦੀ ਤੇ ਰਾਹੁਲ ਗਾਂਧੀ ਇੱਕ ਹੀ ਦਿਨ ਵਿੱਚ ਕਈ ਰੈਲੀਆਂ ਕਰ ਰਹੇ ਹਨ। ਦੱਸ ਦਈਏ ਕਿ ਗੁਜਰਾਤ ਚੋਣਾਂ ਦਾ ਨਤੀਜਾ 18 ਦਸੰਬਰ ਨੂੰ ਐਲਾਨਿਆ ਜਾਵੇਗਾ। ਬੀਤੇ ਦਿਨ ਪਈਆਂ ਪਹਿਲੇ ਗੇੜ ਦੀਆਂ ਵੋਟਾਂ ਤਹਿਤ ਕਰੀਬ 68 ਫੀਸਦੀ ਮਤਦਾਨ ਹੋਇਆ ਹੈ। ਪਹਿਲੇ ਗੇੜ 19 ਜ਼ਿਲ੍ਹਿਆਂ ਦੀਆਂ 89 ਸੀਟਾਂ ਉੱਤੇ ਮਤਦਾਨ ਹੋਇਆ। ਇਸ ਵਿੱਚ ਸੀਐਮ ਵਿਜੇ ਰੂਪਾਨੀ ਦੀ ਸੀਟ ਵੀ ਸ਼ਾਮਲ ਹੈ।