ਗੁਜਰਾਤ ਸਰਕਾਰ ਦੇ ਇੱਕ ਅਧਿਕਾਰੀ ਨੇ ਆਪਣੇ ਆਪ ਨੂੰ ਭਗਵਾਨ ਵਿਸ਼ਨੂੰ ਦਾ ਦਸਵਾਂ ਅਵਤਾਰ ਦੱਸਦਿਆਂ ਕੋਈ ਵੀ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਸਰਦਾਰ ਸਰੋਵਰ ਪੁਨਰਵਸਵਥ ਏਜੰਸੀ ਦੇ ਇੰਜੀਨੀਅਰ ਰਾਮੇਸ਼ ਚੰਦਰ ਫੇਫਰ ਨੇ ਕਿਹਾ ਕਿ ਉਹ ਦਫ਼ਤਰ ਨਹੀਂ ਆ ਸਕਣਗੇ ਕਿਉਂਕਿ ਉਹ ਵਿਸ਼ਵ ਦੇ ਸੁਧਾਰ ਲਈ ਤਪੱਸਿਆ 'ਤੇ ਬੈਠ ਰਹੇ ਹਨ।
ਏਜੰਸੀ ਵੱਲੋਂ ਤਿੰਨ ਦਿਨ ਪਹਿਲਾਂ ਰਾਮੇਸ਼ ਚੰਦਰ ਫੇਫਰ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਸੀ ਜਿਸ ਦੇ ਜਵਾਬ 'ਚ ਫੇਫਰ ਨੇ ਕਿਹਾ ਕਿ ਉਹ ਤਪੱਸਿਆ 'ਚ ਵਿਅਸਤ ਹੋਣ ਕਾਰਨ ਦਫ਼ਤਰ ਨਹੀਂ ਆ ਸਕਦੇ। ਇੰਨਾ ਹੀ ਨਹੀਂ ਫੇਫਰ ਨੇ ਦਾਅਵਾ ਕੀਤਾ ਕਿ ਭਾਰਤ ਪਿਛਲੇ 19 ਸਾਲਾਂ ਤੋਂ ਉਨ੍ਹਾਂ ਦੀ ਤਪੱਸਿਆ ਕਾਰਨ ਹੀ ਸਹੀ ਦਿਸ਼ਾ ਵੱਲ ਅੱਗੇ ਵਧ ਰਿਹਾ ਹੈ।
ਫੇਫਰ ਨੇ ਕਿਹਾ ਕਿ ਏਜੰਸੀ 'ਚ ਬਹਿ ਕੇ ਸਮਾਂ ਬਰਬਾਦ ਕਰਨ ਨਾਲੋਂ ਚੰਗਾ ਕਿ ਮੈਂ ਘਰ ਬਹਿ ਕੇ ਦੇਸ਼ ਦੀ ਭਲਾਈ ਲਈ ਤਪੱਸਿਆ ਤੇ ਧਿਆਨ ਲਾਵਾਂ। ਨੋਟਿਸ 'ਚ ਦੱਸਿਆ ਗਿਆ ਕਿ ਫੇਫਰ ਪਿਛਲੇ 8 ਮਹੀਨਿਆਂ 'ਚ ਸਿਰਫ 16 ਦਿਨ ਹੀ ਦਫ਼ਤਰ 'ਚ ਹਾਜ਼ਰ ਹੋਏ ਹਨ।
ਖ਼ੁਦ ਨੂੰ ਭਗਵਾਨ ਦਾ ਅਵਤਾਰ ਦੱਸਣ ਵਾਲੇ ਅਧਿਕਾਰੀ ਨੇ ਮੀਡੀਆ ਨਾਲ ਗੱਲ ਕਰਦਿਆਂ ਦੱਸਿਆ ਕਿ ਮਾਰਚ 2010 ਤੋਂ ਹੀ ਉਨ੍ਹਾਂ ਨੂੰ ਲੱਗ ਰਿਹਾ ਸੀ ਕਿ ਉਸ 'ਚ ਦੈਵੀ ਸ਼ਕਤੀਆਂ ਹਨ। ਉਨ੍ਹਾਂ ਕਿਹਾ ਕਿ ਉਹ ਆਉਂਦੇ ਦਿਨਾਂ 'ਚ ਇਹ ਸਾਬਤ ਕਰ ਦੇਣਗੇ ਕਿ ਉਹ ਭਗਵਾਨ ਵਿਸ਼ਨੂੰ ਦੇ ਦਸਵੇਂ ਅਵਤਾਰ ਹਨ।