ਨਵੀਂ ਦਿੱਲੀ: ਗੁਜਰਾਤ ਦੀਆਂ ਸਥਾਨਕ ਚੋਣਾਂ 'ਚ ਬੀਜੇਪੀ ਨੇ  ਵੱਡੀ ਜਿੱਤ ਹਾਸਲ ਕੀਤੀ ਹੈ। ਉੱਥੇ ਹੀ ਕਾਂਗਰਸ ਨੂੰ ਵੱਡਾ ਝਟਕਾ ਲੱਗਾ ਹੈ। ਕਾਂਗਰਸ ਦੇ ਖਰਾਬ ਪ੍ਰਦਰਸ਼ਨ ਤੋਂ ਬਾਅਦ ਹੁਣ ਗੁਜਰਾਤ 'ਚ ਕਾਂਗਰਸ ਪ੍ਰਧਾਨ ਅਮਿਤ ਚਾਵੜਾ ਨੇ ਅਸਤੀਫਾ ਦੇਣ ਦਾ ਐਲਾਨ ਕੀਤਾ ਹੈ।


ਦੁਪਹਿਰ ਦੋ ਵਜੇ ਤਕ ਦੇ ਅੰਕੜਿਆਂ ਮੁਤਾਬਕ ਕੁੱਲ 8473 ਸੀਟਾਂ 'ਚੋਂ ਹੁਣ ਤਕ 2,771 ਸੀਟਾਂ ਤੇ ਨਤੀਜੇ ਐਲਾਨੇ ਗਏ ਹਨ। ਇਨ੍ਹਾਂ 'ਚੋਂ 2085 ਸੀਟਾਂ ਬੀਜੇਪੀ ਤੇ 602 ਸੀਟਾਂ ਕਾਂਗਰਸ ਨੇ ਜਿੱਤੀਆਂ ਹਨ। ਆਮ ਆਦਮੀ ਪਾਰਟੀ ਨੇ 14 ਤੇ ਬਹੁਜਨ ਸਮਾਜ ਪਾਰਟੀ ਨੇ ਪੰਜ ਸੀਟਾਂ 'ਤੇ ਜਿੱਤ ਦਰਜ ਕੀਤੀ ਹੈ। 42 ਆਜ਼ਾਦ ਉਮੀਦਵਾਰਾਂ ਨੇ ਚੋਣ ਜਿੱਤੀ ਹੈ।


8473 ਸੀਟਾਂ 'ਚੋਂ 2720 ਨਗਰਪਾਲਿਕਾ ਦੀਆਂ ਸੀਟਾਂ, ਜ਼ਿਲ੍ਹਾ ਪੰਚਾਇਤਾ ਦੀਆਂ 980 ਸੀਟਾਂ ਤੇ ਤਾਲੁਕ ਪੰਚਾਇਤਾਂ ਦੀ 4773 ਸੀਟਾਂ ਸ਼ਾਮਲ ਹਨ। ਸਾਰੀਆਂ ਸੀਟਾਂ 'ਤੇ ਐਤਵਾਰ ਵੋਟਿੰਗ ਹੋਈ ਸੀ। ਸਥਾਨਕ ਚੋਣਾਂ 'ਚ 58.82 ਫੀਸਦ ਵੋਟਿੰਗ ਹੋਈ ਸੀ। ਜ਼ਿਲ੍ਹਾ ਪੰਚਾਇਤਾਂ 'ਚ 65.80 ਫੀਸਦ ਤੇ ਤਾਲੁਕਾ ਪੰਚਾਇਤਾਂ 'ਚ 66.60 ਫੀਸਦ ਵੋਟਿੰਗ ਹੋਈ ਸੀ।