ਸੂਰਤ : ਗੁਜਰਾਤ ਦੌਰੇ ਉੱਤੇ ਗਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅਚਾਨਕ ਕੀਤੀ ਗਈ ਖੁੱਲ੍ਹੀ ਜੀਪ ਦੀ ਮੰਗ ਨੇ ਇੱਥੋਂ ਦੀ ਪੁਲਿਸ ਦੇ ਪਸੀਨੇ ਛੁਡਾ ਦਿੱਤੇ। ਅਸਲ ਵਿੱਚ ਪ੍ਰਧਾਨ ਮੰਤਰੀ ਆਪਣੇ 67ਵੇਂ ਜਨਮ ਦਿਵਸ ਦੇ ਮੌਕੇ ਉੱਤੇ ਗੁਜਰਾਤ ਵਿੱਚ ਸਨ। ਆਪਣੀ ਮਾਤਾ ਤੋਂ ਅਸ਼ੀਰਵਾਦ ਲੈਣ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਇੱਕ ਰੈਲੀ ਨੂੰ ਵੀ ਸੰਬੋਧਨ ਕਰਨਾ ਸੀ। ਪਰ ਪ੍ਰਧਾਨ ਮੰਤਰੀ ਨੇ ਰੈਲੀ ਵਿੱਚ ਖੁੱਲ੍ਹੀ ਜੀਪ ਵਿੱਚ ਸਵਾਰ ਹੋ ਕੇ ਜਾਣ ਦੀ ਇੱਛਾ ਪ੍ਰਗਟਾ ਦਿੱਤੀ।

ਮੀਡੀਆ ਰਿਪੋਰਟ ਅਨੁਸਾਰ ਪ੍ਰਧਾਨ ਮੰਤਰੀ ਵੱਲੋਂ ਅਚਾਨਕ ਕੀਤੀ ਗਈ ਇਸ ਮੰਗ ਨੇ ਅਧਿਕਾਰੀਆਂ ਦੇ ਹੋਸ਼ ਉੱਡਾ ਦਿੱਤੇ । ਕਿਉਂਕਿ ਰੈਲੀ ਵਿੱਚ ਜਾਣ ਲਈ ਪਹਿਲਾਂ ਅਜਿਹੀ ਕੋਈ ਯੋਜਨਾ ਨਹੀਂ ਸੀ। ਖ਼ੈਰ ਉੱਧਰ ਪ੍ਰਧਾਨ ਮੰਤਰੀ ਦਾ ਜਹਾਜ਼ ਦੇ ਲੈਂਡ ਹੋਣ ਦਾ ਸਮਾਂ ਨੇੜੇ ਆ ਗਿਆ , ਪਰ ਖੁੱਲ੍ਹੀ ਜੀਪ ਦਾ ਪ੍ਰਬੰਧ ਅਧਿਕਾਰੀਆਂ ਤੋਂ ਨਹੀਂ ਹੋਇਆ। ਜਦੋਂ ਗੁਜਰਾਤ ਪੁਲਿਸ ਦੀ ਕੋਈ ਵਾਹ ਨਹੀਂ ਚੱਲੀ ਤਾਂ ਉਨ੍ਹਾਂ ਨੇੜੇ ਖੜੀ ਜਿਪਸੀ ਦੀਆਂ ਖੜਕੀਆਂ ਅਤੇ ਛੱਤ ਉਤਾਰ ਕੇ ਖੁੱਲ੍ਹੀ ਜਿਪਸੀ ਬਣਾਉਣ ਦੇ ਆਦੇਸ਼ ਦਿੱਤੇ।

ਕਰੀਬ 30 ਮਿੰਟ ਦੀ ਮਿਹਨਤ ਤੋਂ ਬਾਅਦ ਗੁਜਰਾਤ ਪੁਲਿਸ ਨੇ ਜੁਗਾੜ ਨਾਲ ਪ੍ਰਧਾਨ ਮੰਤਰੀ ਲਈ ਖੁੱਲ੍ਹੀ ਜੀਪ ਤਿਆਰ ਕਰ ਦਿੱਤੀ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਲੈਂਡ ਕਰਦੇ ਹਨ ਅਤੇ ਸਿੱਧਾ ਖੁੱਲ੍ਹੀ ਜਿਪਸੀ ਵਿੱਚ ਸਵਾਰ ਹੋ ਕੇ ਰੈਲੀ ਵਾਲੀ ਥਾਂ ਉੱਤੇ ਪਹੁੰਚ ਜਾਂਦੇ ਹਨ।