ਨਵੀਂ ਦਿੱਲੀ : ਜੰਮੂ-ਕਸ਼ਮੀਰ ਵਿੱਚ ਦਹਿਸ਼ਤਗਰਦਾਂ ਵੱਲੋਂ ਸੈਨਾ ਦੇ ਹੈੱਡਕੁਆਟਰ ਉੱਤੇ ਕੀਤੇ ਗਏ ਹਮਲੇ ਵਿੱਚ 17 ਸੈਨਿਕ ਸ਼ਹੀਦ ਹੋ ਗਏ।ਸੈਨਾ ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਦੇ ਅਨੁਸਾਰ ਮੁਕਾਬਲੇ ਵਿੱਚ ਚਾਰ ਦਹਿਸ਼ਤਗਰਦ ਵੀ ਮਾਰੇ ਗਏ ਹਨ।  ਹਮਲਾ ਕਸ਼ਮੀਰ ਦੇ ਊੜੀ ਸੈਕਟਰ ਵਿੱਚ ਅੱਜ  ਸਵੇਰੇ ਪੰਜ ਵਜੇ ਦੇ ਕਰੀਬ ਹੋਇਆ। ਜਾਣਕਾਰੀ ਅਨੁਸਾਰ ਕੁਝ ਦਹਿਸ਼ਤਗਰਦ ਹਨੇਰੇ ਦਾ ਫਾਇਦਾ ਚੁੱਕਦੇ ਹੋਏ ਊੜੀ ਸਥਿਤ ਸੈਨਾ ਦੇ ਹੈੱਡ ਕੁਆਰਟਰ ਦੇ ਅੰਦਰ ਦਾਖਲ ਹੋਏ ਅਤੇ ਫਾਇਰਿੰਗ ਕਰਨੀ ਸੁਰੂ ਕਰ ਦਿੱਤੀ। ਇਸ ਤੋਂ ਬਾਅਦ ਸੈਨਾ ਦੇ ਜਵਾਨਾਂ ਨੇ ਮੋਰਚਾ ਸੰਭਾਲਿਆ ਅਤੇ ਜਵਾਬੀ ਕਾਰਵਾਈ ਕਰਦੇ ਹੋਏ ਚਾਰ ਦਹਿਸ਼ਤਗਰਦਾਂ ਨੂੰ ਢੇਰ ਕਰ ਦਿੱਤਾ। ਸ਼ਹੀਦ ਹੋਣ ਵਾਲੇ ਸੈਨਿਕ 13 ਬਿਹਾਰ ਅਤੇ 4 ਡੋਗਰਾ ਰੈਜਿਮੈਂਟ ਦੇ ਸਨ। ਜਾਣਕਾਰੀ ਅਨੁਸਾਰ ਦਹਿਸ਼ਤਗਰਦ ਨੇ ਪਠਾਨਕੋਟ ਏਅਰਬੇਸ ਉਤੇ ਹੋਏ ਹਮਲੇ ਦੀ ਤਰਜ਼ ਉਤੇ ਇਹ ਹਮਲਾ ਕੀਤਾ ਹੈ।ਜੰਮੂ ਕਸ਼ਮੀਰ ਵਿੱਚ ਸੈਨਾ ਦੇ ਕੈਂਪ ਉਤੇ 26 ਸਾਲ ਬਾਅਦ ਵੱਡਾ ਦਹਿਸ਼ਤਗਰਦ ਹਮਲਾ ਹੋਇਆ ਹੈ ਜਿਸ ਕੈਂਪ ਉਤੇ ਹੁਣ ਹਮਲਾ ਹੋਇਆ ਹੈ ਉਹ ਕੌਮਾਂਤਰੀ ਸੀਮਾ ਦੇ ਨੇੜੇ ਹੈ। ਹਮਲੇ ਤੋਂ  ਬਾਅਦ ਦਿੱਲੀ ਵਿੱਚ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਆਪਣਾ ਵਿਦੇਸ਼ ਦੌਰਾ ਰੱਦ ਕਰ ਦਿੱਤਾ ਹੈ। ਰਾਜਨਾਥ ਸਿੰਘ ਨੇ ਅਮਰੀਕਾ ਦੇ ਪੰਜ ਦਿਨ ਦੇ ਦੌਰੇ ਉੱਤੇ ਜਾਣਾ ਸੀ। ਹਮਲੇ ਤੋਂ ਬਾਅਦ ਰਾਜਨਾਥ ਸਿੰਘ ਨੇ ਸੁਰੱਖਿਆ ਅਧਿਕਾਰੀਆਂ ਦੀ ਐਮਰਜੈਂਸੀ ਮੀਟਿੰਗ ਵੀ ਬੁਲਾਈ ਹੈ ਜਿਸ ਵਿੱਚ ਤਮਾਮ ਸੁਰਖਿਆ ਏਜੰਸੀਆਂ ਦੇ ਅਧਿਕਾਰੀਆਂ ਦੇ ਨਾਲ ਸੈਨਾ ਦੇ ਅਧਿਕਾਰੀ ਵੀ ਸ਼ਾਮਲ ਹੋਏ। ਮੀਟਿੰਗ ਤੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜਨਾਥ ਸਿੰਘ ਨੇ ਆਖਿਆ ਕਿ ਹਮਲੇ ਕਰਨ ਵਾਲੇ ਦਹਿਸ਼ਤਗਰਦਾਂ ਖਿਲਾਫ ਸਖਤ ਕਾਰਵਾਈ ਹੋਵੇਗੀ। ਮੀਟਿੰਗ ਤੋਂ ਬਾਅਦ ਰੱਖਿਆ ਮੰਤਰੀ ਮਨਹੋਰ ਪਰੀਕਰ ਅਤੇ ਜਨਰਲ ਦਲਬੀਰ ਸਿੰਘ ਸੁਹਾਗ ਕਸ਼ਮੀਰ ਪਹੁੰਚ ਗਏ ਅਤੇ ਸਥਿਤੀ ਦਾ ਜਾਇਜ਼ਾ ਲਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਦੇਸ਼ ਦੇ ਹੋਰਨਾਂ ਆਗੂਆਂ ਨੇ ਇਸ ਹਮਲੇ ਦੀ ਨਿੰਦਾ ਕੀਤੀ ਹੈ।