ਨਵੀਂ ਦਿੱਲੀ: ਆਪਣੀ ਫਿਲਮ ਦੀ ਪ੍ਰਮੋਸ਼ਨ ਵਿੱਚ ਦਿੱਲੀ ਪਹੁੰਚੇ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੇ ਭਾਰਤੀ ਸੈਨਾ ਵੱਲੋਂ ਕੀਤੇ ਗਏ ਸਰਜੀਕਲ ਸਟ੍ਰਾਇਕ 'ਤੇ ਸਵਾਲ ਚੁੱਕਣ ਵਾਲਿਆਂ ਨੂੰ ਨਿਸ਼ਾਨਾ ਬਣਾਇਆ। ਉਨ੍ਹਾਂ ਕਿਹਾ ਕਿ ਜੋ ਲੋਕ ਸਰਜੀਕਲ ਸਟ੍ਰਾਇਕ 'ਤੇ ਸਵਾਲ ਚੁੱਕ ਰਹੇ ਹਨ, ਮੇਰੀ ਸੈਨਾ ਨੂੰ ਅਪੀਲ ਹੈ ਕਿ ਅਗਲੀ ਵਾਲ ਜਦੋਂ ਵੀ ਅਜਿਹਾ ਕੋਈ ਆਪਰੇਸ਼ਨ ਕੀਤਾ ਜਾਵੇ ਤਾਂ ਇਨ੍ਹਾਂ ਲੋਕਾਂ ਨੂੰ ਅੱਗੇ ਕਰ ਦਿੱਤਾ ਜਾਵੇ। ਉਨ੍ਹਾਂ ਦਾ ਇਸ਼ਾਰਾ ਕੇਜਰੀਵਾਲ ਵੱਲ ਸੀ।
ਇੰਦਰਾ ਗਾਂਧੀ ਇੰਡੋਰ ਸਟੇਡੀਅਮ ਵਿੱਚ ਰਾਮ ਰਹੀਮ ਦੀ ਇਸ ਸ਼ੁੱਕਰਵਾਰ ਰਿਲੀਜ਼ ਹੋਣ ਵਾਲੀ ਫ਼ਿਲਮ 'MSG The Warrior Lion Heart' ਦਾ ਪ੍ਰੀਮੀਅਰ ਸ਼ੋਅ ਰੱਖਿਆ ਗਿਆ ਸੀ। ਸਟੇਡੀਅਮ ਵਿੱਚ ਰਾਮ ਰਹੀਮ ਦੇ ਹਜ਼ਾਰਾਂ ਚੇਲੇ ਮੌਜ਼ੂਦ ਸਨ। ਇਸ ਮੌਕੇ ਫਿਲਮ ਦੀ ਡਾਇਰੈਕਟਰ ਤੇ ਰਾਮ ਰਹੀਮ ਦੀ ਬੇਟੀ ਹਨੀਪ੍ਰੀਤ ਵੀ ਮੌਜ਼ੂਦ ਸੀ।
ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਰਾਮ ਰਹੀਮ ਨੇ ਸੈਨਾ ਦੇ ਸਰਜੀਕਲ ਸਟ੍ਰਾਇਕ 'ਤੇ ਸਵਾਲ ਚੁੱਕਣ ਵਾਲਿਆ ਦਾ ਨਾਮ ਲਏ ਬਿਨਾਂ ਹੀ ਨਿਸ਼ਾਨਾ ਸਾਧਿਆ। ਉਂਝ, ਉਨ੍ਹਾਂ ਦਾ ਇਸ਼ਾਰਾ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲ ਹੀ ਸੀ। ਕੇਜਰੀਵਾਲ ਨੇ ਕਿਹਾ ਸੀ ਕਿ ਜੇਕਰ ਪਾਕਿਸਤਾਨ ਸਬੂਤ ਮੰਗਦਾ ਹੈ ਤਾਂ ਮੋਦੀ ਸਰਕਾਰ ਸਬੂਤ ਦੇ ਕੇ ਉਸ ਦਾ ਮੂੰਹ ਬੰਦ ਕਰਵਾ ਦੇਵੇ ਪਰ ਵਿਰੋਧੀ ਧਿਰਾਂ ਨੇ ਉਨ੍ਹਾਂ ਦੀ ਅਲੋਚਨਾ ਸ਼ੁਰੂ ਕਰ ਦਿੱਤੀ।