ਨਵੀਂ ਦਿੱਲੀ: ਭਾਰਤੀ ਫੌਜ ਵੱਲੋਂ ਪਿਛਲੇ ਮਹੀਨੇ ਪੀ.ਓ.ਕੇ. 'ਚ ਕੀਤੇ ਗਏ ਸਰਜੀਕਲ ਸਟ੍ਰਾਈਕ ਦਾ ਵੀਡੀਓ ਸਰਕਾਰ ਨੂੰ ਸੌਂਪ ਦਿੱਤਾ ਗਿਆ ਹੈ। ਫੌਜ ਨੂੰ ਇਸ ਵੀਡੀਓ ਦੇ ਜਨਤਕ ਕੀਤੇ ਜਾਣ 'ਤੇ ਕੋਈ ਇਤਰਾਜ਼ ਨਹੀਂ ਪਰ ਇਸ ਵੀਡੀਓ ਨੂੰ ਜਾਰੀ ਕਰਨ ਜਾਂ ਨਾ ਕਰਨ ਦਾ ਫੈਸਲਾ ਸਰਕਾਰ ਕਰੇਗੀ। ਇਹ ਵੀਡੀਓ 90 ਮਿੰਟ ਦਾ ਹੈ ਤੇ ਇਸ ਨੂੰ ਡ੍ਰੋਨ ਕੈਮਰਿਆਂ ਨਾਲ ਬਣਾਇਆ ਗਿਆ ਹੈ।

ਅੱਜ ਪੀ.ਐਮ. ਮੋਦੀ ਦੇ ਘਰ ਕੈਬਨਿਟ ਕਮੇਟੀ ਆਨ ਸਕਿਉਰਿਟੀ ਦੀ ਮੀਟਿੰਗ ਹੋਈ। ਪੀ.ਐਮ. ਨੇ ਦੱਸਿਆ ਕਿ ਐਲ.ਓ.ਸੀ. 'ਤੇ ਕਰੀਬ 100 ਅੱਤਵਾਦੀ ਘੁਸਪੈਠ ਦੀ ਸਾਜਿਸ਼ ਰਚ ਰਹੇ ਹਨ। ਮੀਟਿੰਗ 'ਚ ਐਨ.ਐਸ.ਏ. ਅਜੀਤ ਡੋਬਾਲ ਤੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਵੀ ਮੌਜੂਦ ਸਨ।

29 ਸਤੰਬਰ ਨੂੰ ਸਰਜੀਕਲ ਸਟ੍ਰਾਈਕ ਤੋਂ ਬਾਅਦ ਦੂਸਰੀ ਵਾਰ ਸੀ.ਸੀ.ਐਸ. ਦੀ ਮੀਟਿੰਗ ਹੋਈ। ਡੋਬਾਲ ਨੇ ਇੰਟੈਲੀਜੈਂਸ ਏਜੰਸੀਆਂ ਤੋਂ ਮਿਲੇ ਸਬੂਤ ਪੇਸ਼ ਕੀਤੇ। ਜਾਣਕਾਰੀ ਮੁਤਾਬਕ ਡੋਬਾਲ ਨੇ ਦੱਸਿਆ ਕਿ ਪਾਕਿਸਤਾਨ ਕਰੀਬ 100 ਅੱਤਵਾਦੀਆਂ ਦੀ ਭਾਰਤ 'ਚ ਘੁਸਪੈਠ ਕਰਵਾਉਣ ਦੀ ਤਾਕ 'ਚ ਹੈ। ਮੀਟਿੰਗ 'ਚ ਦੱਸਿਆ ਗਿਆ ਕਿ ਭਾਰਤੀ ਫੌਜ ਦੇ ਸਰਜੀਕਲ ਸਟ੍ਰਾਈਕ ਤੋਂ ਬਾਅਦ ਪਾਕਿ ਫੌਜ ਅੱਤਵਾਦੀ ਕੈਂਪਾਂ ਤੇ ਲਾਂਚਿੰਗ ਪੈਡਾਂ ਦੀ ਨਿਗਰਾਨੀ ਕਰ ਰਹੀ ਹੈ। ਅਜਿਹੇ ਕਰੀਬ 12 ਲਾਂਚਿਗ ਪੈਡ ਦੀ ਪਛਾਣ ਹੋ ਚੁੱਕੀ ਹੈ।

ਸਰਕਾਰ ਨੂੰ ਦੱਸਿਆ ਗਿਆ ਕਿ ਵਿੰਟਰ ਸੀਜਨ ਆਉਂਦੇ ਹੀ ਕਸ਼ਮੀਰ ਤੇ ਬਾਕੀ ਇਲਾਕਿਆਂ 'ਚ ਬਰਫ ਪਏਗੀ। ਇਸ ਦੌਰਾਨ ਸਰਹੱਦ ਦੀ ਸਕਿਉਰਿਟੀ ਮੁਸ਼ਕਲ ਹੋ ਜਾਏਗੀ। ਅਜਿਹੇ ਹਾਲਾਤ ਦਾ ਫਾਇਦਾ ਚੁੱਕਦਿਆਂ ਪਾਕਿ ਆਪਣੇ ਅੱਤਵਾਦੀਆਂ ਦੀ ਘੁਸਪੈਠ ਕਰਵਾਉਣ ਦੀ ਕੋਸ਼ਿਸ਼ ਕਰ ਸਕਦਾ ਹੈ।