ਚੰਡੀਗੜ੍ਹ: ਸੰਯੁਕਤ ਕਿਸਾਨ ਮੋਰਚਾ ਨੇ ਲੱਖਾ ਸਿਧਾਣਾ ਨੂੰ ਅੰਦੋਲਨ ਵਿੱਚ ਵਾਪਸ ਬੁਲਾ ਲਿਆ ਹੈ। ਹੁਣ ਲੱਖਾ ਸਿਧਾਣਾ ਤੇ ਉਸ ਦੇ ਸਾਥੀ ਕਿਸਾਨ ਜਥੇਬੰਦੀਆਂ ਦੀਆਂ ਸਟੇਜਾਂ ਤੋਂ ਬੋਲ ਸਕਣਗੇ। ਇਸ ਮਗਰੋਂ ਚਰਚਾ ਛਿੜੀ ਹੈ ਕਿ ਹੁਣ ਸੰਯੁਕਤ ਕਿਸਾਨ ਮੋਰਚਾ ਦੀਪ ਸਿੱਧੂ ਵੀ ਅੰਦੋਲਨ ਵਿੱਚ ਸ਼ਾਮਲ ਕਰੇਗਾ। ਇਸ ਬਾਰੇ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਨੇ ਸਪਸ਼ਟ ਕਰ ਦਿੱਤਾ ਹੈ।
ਉਨ੍ਹਾਂ ਕਿਹਾ ਹੈ ਕਿ ਦੀਪ ਸਿੱਧੂ ਨਾਲ ਭਵਿੱਖ 'ਚ ਕਦੇ ਵੀ ਸੰਯੁਕਤ ਕਿਸਾਨ ਮੋਰਚਾ ਮਿਲ ਕੇ ਨਹੀਂ ਚੱਲ ਸਕਦਾ। ਉਨ੍ਹਾਂ ਕਿਹਾ ਕਿ ਲੱਖਾ ਸਿਧਾਣਾ ਨੇ ਸਿਰਫ਼ ਅਨੁਸ਼ਾਸਨ ਤੋੜਿਆ ਸੀ ਪਰ ਦੀਪ ਸਿੱਧੂ ਨੇ ਉਹ ਕੰਮ ਕੀਤਾ ਜਿਸ ਕਰਕੇ ਕਿਸਾਨ ਮੋਰਚੇ ਦਾ ਵੱਡਾ ਨੁਕਸਾਨ ਹੋਣਾ ਸੀ। ਕਿਸਾਨ ਮੋਰਚਾ ਨੇ ਲਾਲ ਕਿਲਾ ਦੀ ਘਟਨਾ ਮਗਰੋਂ ਲੱਖਾ ਸਿਧਾਣਾ ਤੇ ਦੀਪ ਸਿੱਧੂ ਨਾਲੋਂ ਨਾਤਾ ਤੋੜ ਲਿਆ ਸੀ।
ਇਸ ਵੇਲੇ ਦੀਪ ਸਿੱਧੂ ਜੇਲ੍ਹ ਵਿੱਚ ਹੈ ਪਰ ਸੰਯੁਕਤ ਕਿਸਾਨ ਮੋਰਚੇ ਨੇ ਲੱਖਾ ਸਿਧਾਣਾ ਤੇ ਉਸ ਦੇ ਸਾਥੀਆਂ ਨੂੰ ਕਿਸਾਨ ਅੰਦੋਲਨ ਵਿੱਚ ਵਾਪਸ ਬੁਲਾ ਲਿਆ ਹੈ। ਪਤਾ ਲੱਗਾ ਹੈ ਕਿ ਲੱਖਾ ਸਿਧਾਣਾ ਨੂੰ ਮੋਰਚੇ ਨਾਲ ਜੋੜਨ ਲਈ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵਿੱਚੋਂ ਕਈ ਲੀਡਰ, ਗਾਇਕ ਤੇ ਚਿੰਤਕ ਬੀਤੇ ਦਿਨਾਂ ਤੋਂ ਸਰਗਰਮ ਸਨ।
ਸੰਯੁਕਤ ਕਿਸਾਨ ਮੋਰਚੇ ਦੀ ਕਮੇਟੀ ਦੇ ਮੈਂਬਰ ਡਾ. ਦਰਸ਼ਨ ਪਾਲ ਨੇ ਕਿਹਾ ਕਿ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਤੇ ਮੋਰਚੇ ਵੱਲੋਂ ਸਿਧਾਣਾ ਨਾਲ ਜੁੜੇ ਨੌਜਵਾਨਾਂ ਨੂੰ ਨਾਲ ਲੈ ਕੇ ਅੱਗੇ ਵਧਿਆ ਜਾਵੇਗਾ। ਉਨ੍ਹਾਂ ਕਿਹਾ ਕਿ ਉਸ ਦੇ ਸਾਥੀਆਂ ਵੱਲੋਂ ਪਿਛਲੇ ਸਮੇਂ ਦੀਆਂ ਕਮੀਆਂ ਦੂਰ ਕਰਕੇ ਮੋਰਚੇ ਦੀ ਅਗਵਾਈ ਹੇਠ ਚੱਲਣ ਦਾ ਭਰੋਸਾ ਦਿੱਤਾ ਗਿਆ ਹੈ ਤੇ ਕਈ ਗਾਇਕਾਂ, ਚਿੰਤਕਾਂ ਤੇ ਕਿਸਾਨ ਆਗੂਆਂ ਦਰਮਿਆਨ ਇਸ ਮੁੱਦੇ ਉਪਰ ਚਰਚਾ ਚੱਲ ਰਹੀ ਸੀ।
ਇਹ ਵੀ ਪੜ੍ਹੋ: ਹੁਣ ਡੈਬਿਟ ਕਾਰਡ ਤੋਂ ਬਿਨਾ ਵੀ ATM ਚੋਂ ਇੰਝ ਕੱਢ ਸਕੋਗੇ ਪੈਸੇ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904