ਗੁਜਰਾਤ ਚੋਣਾਂ 'ਚ ਪਟੇਲ ਕਰਨਗੇ ਵੱਡਾ ਧਮਾਕਾ
ਏਬੀਪੀ ਸਾਂਝਾ | 12 Nov 2017 01:39 PM (IST)
ਅਹਿਮਦਾਬਾਦ: ਗੁਜਰਾਤ 'ਚ ਪਾਟੀਦਾਰ ਅੰਦੋਲਨ ਦੇ ਨੇਤਾ ਹਾਰਦਿਕ ਪਟੇਲ ਨੇ ਕਿਹਾ ਹੈ ਕਿ ਅਗਲੀਆਂ ਵਿਧਾਨ ਸਭਾ ਚੋਣਾਂ 'ਚ ਬੀਜੇਪੀ ਨੂੰ ਹਰਾਉਣਾ ਉਨ੍ਹਾਂ ਦਾ ਪਹਿਲਾ ਕੰਮ ਹੈ। ਹਾਰਦਿਕ ਦਾ ਕਹਿਣਾ ਹੈ ਕਿ ਰਾਖਵੇਂਕਰਨ ਲਈ ਅੰਦੋਲਨ ਜਾਰੀ ਰਹੇਗਾ। ਸੱਤਾਧਾਰੀ ਪਾਰਟੀ ਬੀਜੇਪੀ ਵੱਲੋਂ ਪਟੇਲ ਲੋਕਾਂ ਨਾਲ ਕੀਤੇ ਧੱਕੇ ਦਾ ਬਦਲਾ ਅਸੀਂ ਉਸ ਨੂੰ ਹਰਾ ਕੇ ਲੈਣਾ ਹੈ। ਹਾਰਦਿਕ ਨੇ ਛੋਟਾ ਉਦੇਪੁਰ 'ਚ ਰੈਲੀ ਦੌਰਾਨ ਕਿਹਾ, "ਸੂਬਾ ਸਰਕਾਰ ਨੇ ਸਾਡੀ ਇਜ਼ੱਤ ਨੂੰ ਠੇਸ ਲਾਈ ਹੈ। ਇਸ ਲਈ ਬੀਜੇਪੀ ਖਿਲਾਫ ਲੜਾਈ ਸਾਡੇ ਲੋਕਾਂ ਦੀ ਇਜ਼ੱਤ ਦੀ ਲੜਾਈ ਹੈ। ਹੁਣ ਸਮਾਂ ਆ ਗਿਆ ਹੈ ਕਿ ਜਦ ਅਸੀਂ ਬੀਜੇਪੀ ਨੂੰ ਗੁਜਰਾਤ ਤੋਂ ਬਾਹਰ ਕਰੀਏ। ਪਾਟੀਦਾਰਾਂ ਦੇ ਕੋਟੇ ਲਈ ਅਸੀਂ ਲੜਾਈ ਜਾਰੀ ਰੱਖਾਂਗੇ। ਇਸ ਨੂੰ ਅਗਲੇ ਦੋ-ਤਿੰਨ ਸਾਲ 'ਚ ਜਿੱਤ ਲਿਆ ਜਾਵੇਗਾ।" ਹਾਰਦਿਕ ਨੇ ਕਿਹਾ ਕਿ ਪਾਟੀਦਾਰ ਆਪਣਾ ਸਿਰ ਵੱਢਵਾ ਲੈਣਗੇ ਪਰ ਬੀਜੇਪੀ ਨੂੰ ਹਮਾਇਤ ਨਹੀਂ ਦੇਣਗੇ। ਹਾਰਦਿਕ ਨੇ ਸਾਫ ਸ਼ਬਦਾਂ 'ਚ ਕਿਹਾ ਕਿ ਮੈਂ ਸ਼ੁਰੂ ਤੋਂ ਕਹਿ ਰਿਹਾ ਹਾਂ ਕਿ ਅਸੀਂ ਅਗਲੇ ਇਕ-ਦੋ ਸਾਲ 'ਚ ਰਾਖਵੇਂਕਰਣ ਦੀ ਜੰਗ ਜਿੱਤ ਲੈਣੀ ਹੈ। ਸਾਡਾ ਇਸ ਵੇਲੇ ਦਾ ਟੀਚਾ ਬੀਜੇਪੀ ਨੂੰ ਸਬਕ ਸਿਖਾਉਣਾ ਹੈ ਤਾਂ ਜੋ ਉਹ ਅੱਗੇ ਤੋਂ ਕਿਸੇ ਦੀ ਇਜ਼ੱਤ ਨੂੰ ਵੱਟਾ ਨਾ ਲਾਵੇ।