ਨਵੀਂ ਦਿੱਲੀ: ਕੇਂਦਰੀ ਮੰਤਰੀ ਹਰਸਿਮਰਤ ਬਾਦਲ ਨੇ ਪ੍ਰਿਅੰਕਾ ਗਾਂਧੀ ਦੀ ਸਿਆਸਤ 'ਚ ਐਂਟਰੀ ਨੂੰ ਕਾਂਗਰਸ ਲਈ ਇਸ ਤਰ੍ਹਾਂ ਕਰਾਰ ਦਿੱਤਾ ਜਿਵੇਂ ਡੁੱਬਦੇ ਨੂੰ ਤਿਣਕੇ ਦਾ ਸਹਾਰਾ। ਕੇਂਦਰੀ ਮੰਤਰੀ ਨੇ ਕਿਹਾ ਕਿ ਕਾਂਗਰਸ ਨੇ ਪ੍ਰਿਅੰਕਾ ਦੀ ਐਂਟਰੀ ਨਾਲ ਇਹ ਸਾਬਤ ਕਰ ਦਿੱਤਾ ਕਿ ਰਾਹੁਲ ਬਹੁਤੇ ਅਸਰਦਾਰ ਨੇਤਾ ਨਹੀਂ।


ਹਰਸਿਮਰਤ ਨੇ ਕਿਹਾ ਕਿ ਕਾਂਗਰਸ ਨਾਲ ਕਿਸੇ ਦਾ ਗੱਠਜੋੜ ਨਹੀਂ। ਇੰਨਾ ਹੀ ਨਹੀਂ ਕੇਂਦਰੀ ਮੰਤਰੀ ਨੇ ਪ੍ਰਿਅੰਕਾ ਦੀ ਐਂਟਰੀ ਮਗਰੋਂ ਪਰਿਵਾਰਵਾਦ ਦੀ ਸਿਆਸਤ 'ਤੇ ਵੀ ਤੰਜ ਕੱਸਿਆ। ਹਰਸਿਮਰਤ ਬਾਦਲ ਨੇ ਗਾਂਧੀ ਪਰਿਵਾਰ 'ਚ ਤਾਂ ਪੀੜ੍ਹੀ ਦਰ ਪੀੜ੍ਹੀ ਸਿਆਸੀ ਦਾਖ਼ਲਿਆਂ 'ਤੇ ਵਾਰ ਕਰਦਿਆਂ ਕਿਹਾ ਕਿ ਕਾਂਗਰਸ ਵਿੱਚ ਹੋਰ ਨੇਤਾਵਾਂ ਦੀ ਥਾਂ ਗਾਂਧੀ ਪਰਿਵਾਰ ਆਪਣੇ ਪਰਿਵਾਰ ਨੂੰ ਹੀ ਤਰਜੀਹ ਦੇ ਰਿਹਾ। ਹਰਸਿਮਰਤ ਨੇ ਜਵਾਹਰ ਲਾਲ ਨਹਿਰੂ ਤੋਂ ਲੈ ਕੇ ਪ੍ਰਿਅੰਕਾ ਗਾਂਧੀ ਤਕ ਗਾਂਧੀ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਗਿਣਾ ਦਿੱਤਾ।

ਕੇਂਦਰੀ ਮੰਤਰੀ ਨੂੰ ਗਾਂਧੀ ਪਰਿਵਾਰ ਦੇ ਸਿਆਸੀ ਅਹੁਦਿਆਂ ਦਾ ਤਾਂ ਪੂਰਾ ਗਿਆਨ ਹੈ ਪਰ ਸ਼ਾਇਦ ਉਹ ਚੰਦ ਮਿੰਟਾਂ ਲਈ ਆਪਣਾ ਪਰਿਵਾਰ ਵਿਸਾਰ ਗਏ ਕਿਉਂਕਿ ਪਰਿਵਾਰਵਾਦ ਦੀ ਸਿਆਸਤ ਲਈ ਬਾਦਲ ਪਰਿਵਾਰ ਤੋਂ ਵੱਡੀ ਉਦਾਹਰਨ ਹੋਰ ਕੋਈ ਨਹੀਂ। ਜ਼ਰਾ ਕੇਂਦਰੀ ਮੰਤਰੀ ਦੇ ਆਪਣੇ ਪਰਿਵਾਰ ਦੇ ਸਿਆਸੀ ਅਹੁਦਿਆਂ 'ਤੇ ਇੱਕ ਨਜ਼ਰ ਮਾਰੀਏ ਤਾਂ ਕੇਂਦਰੀ ਮੰਤਰੀ ਦੇ ਸਹੁਰਾ ਸਾਹਬ ਪ੍ਰਕਾਸ਼ ਸਿੰਘ ਬਾਦਲ, ਸਾਬਕਾ ਮੁੱਖ ਮੰਤਰੀ ਅਤੇ ਪਤੀ ਸੁਖਬੀਰ ਬਾਦਲ, ਪ੍ਰਧਾਨ, ਅਕਾਲੀ ਦਲ ਤੇ ਸਾਬਕਾ ਉੱਪ ਮੁੱਖ ਮੰਤਰੀ ਹਨ।