ਚੰਡੀਗੜ੍ਹ: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਬਿਆਨ ਨੇ ਸਿਆਸਤ ਵਿੱਚ ਭੂਚਾਲ ਲਿਆਂਦਾ ਹੋਇਆ ਹੈ। ਉਨ੍ਹਾਂ ਨੇ ‘ਜਾਂਚ ਰਿਪੋਰਟ’ ਦੇ ਹਵਾਲੇ ਨਾਲ ਕਿਹਾ ਹੈ ਕਿ ‘ਬਲਾਤਕਾਰ ਆਪਸੀ ਸਹਿਮਤੀ ਨਾਲ ਹੁੰਦੇ ਹਨ।’ ਉਨ੍ਹਾਂ ਇਸ ਗੱਲੋਂ ਵੀ ਚਿੰਤਾ ਜਤਾਈ ਕਿ ਬਲਾਤਕਾਰ ਤੇ ਛੇੜਛਾੜ ਦੀਆਂ 80-90 ਫੀਸਦੀ ਘਟਨਾਵਾਂ ਜਾਣਕਾਰਾਂ ਵਿੱਚ ਹੁੰਦੀਆਂ ਹਨ। ਮੁੰਡੇ-ਕੁੜੀਆਂ ਕਾਫੀ ਸਮਾਂ ਇਕੱਠੇ ਘੁੰਮਦੇ ਹਨ, ਜਦੋਂ ਉਨ੍ਹਾਂ ’ਚ ਅਣਬਣ ਹੋ ਜਾਂਦੀ ਹੈ ਤਾਂ ਕੁੜੀਆਂ, ਮੁੰਡਿਆਂ ਖ਼ਿਲਾਫ਼ ਬਲਾਤਕਾਰ ਦਾ ਪਰਚਾ ਦਰਜ ਕਰਵਾ ਦਿੰਦੀਆਂ ਹਨ।
ਇਹ ਵੀ ਪੜ੍ਹੋ- ਖੱਟਰ ਦੇ ਬਲਾਤਕਾਰ ਬਾਰੇ ਬਿਆਨ 'ਤੇ ਛਿੜਿਆ ਵਿਵਾਦ
ਖ਼ਾਸ ਗੱਲ ਇਹ ਹੈ ਕਿ ਮਨੋਹਰ ਲਾਲ ਖੱਟਰ ਨੇ ਜੋ ਗੱਲਾਂ ਕਹੀਆਂ ਹਨ ਤੇ ਜਿਸ ‘ਜਾਂਚ ਰਿਪੋਰਟ’ ਦਾ ਉਹ ਹਵਾਲਾ ਦੇ ਰਹੇ ਹਨ, ਉਸ ਦਾ ਕਿਤੇ ਜ਼ਿਕਰ ਤਕ ਨਹੀਂ ਕਰ ਰਹੇ। ਪਰ ਜੇ ਉਨ੍ਹਾਂ ਦੀ ਸਰਕਾਰ ਤੇ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ (NCRB) ਦੇ ਰਿਕਾਰਡ ਫਰੋਲੇ ਜਾਣ ਤਾਂ ਮੁੱਖ ਮੰਤਰੀ ਦੀਆਂ ਗੱਲਾਂ ਬੇਤੁਕੀਆਂ ਤੇ ਮਨਘੜਤ ਜਾਪਦੀਆਂ ਹਨ। ਇਉਂ ਲੱਗਦਾ ਹੈ ਕਿ ਸੀਐਮ ਖੱਟਰ ਨੇ ਆਪਣੀ ਹੀ ਸਰਕਾਰ ਵੱਲੋਂ ਜਾਰੀ ਰਿਪੋਰਟ ਚੰਗੀ ਤਰ੍ਹਾਂ ਨਹੀਂ ਪੜ੍ਹੀ।
ਰਿਪੋਰਟ ’ਚ ਕੀ ਲਿਖਿਆ ਹੈ
NCRB ਦ ਰਿਪੋਰਕ ਕਹਿੰਦੀ ਹੈ ਕਿ ਸਾਲ 2016 ਵਿੱਚ ਹਰਿਆਣਾ ਵਿੱਚ ਬਲਾਤਕਾਰ ਦੇ ਕੁੱਲ 1189 ਮਾਮਲੇ ਦਰਜ ਕੀਤੇ ਗਏ, ਇਨ੍ਹਾਂ ਵਿੱਚ ਇੱਕ ਸਾਲ ਤੋਂ ਲੈ ਕੇ 18 ਸਾਲਾਂ ਦੀਆਂ ਲੜਕੀਆਂ ਨਾਲ 518 ਤੇ 18 ਤੋਂ 60 ਸਾਲ ਦੀ ਉਮਰ ਦੀਆਂ ਮਹਿਲਾਵਾਂ ਨਾਲ ਬਲਾਤਕਾਰ ਦੇ 668 ਮਾਮਲੇ ਦਰਜ ਕੀਤੇ ਗਏ। ਹੁਣ ਗੌਰ ਕਰਨ ਵਾਲੀ ਗੱਲ ਇਹ ਹੈ ਕਿ ਦਰਜ ਕੀਤੇ ਗਏ ਮਾਮਲਿਆਂ ਵਿੱਚੋਂ ਲਗਪਗ ਅੱਧੇ, ਯਾਨੀ 518 ਮਾਮਲੇ ਨਾਬਾਲਗ ਲੜਕੀਆਂ ਨਾਲ ਵਾਪਰੇ। 100 ਤੋਂ ਜ਼ਿਆਦਾ ਮਾਮਲਾ ਅਜਿਹੇ ਹਨ, ਜਿਨ੍ਹਾਂ ਵਿੱਚ ਪੀੜਤ ਲੜਕੀਆਂ ਦੀ ਉਮਰ 12 ਸਾਲਾਂ ਤੋਂ ਘੱਟ ਹੈ। ਹੁਣ ਕੀ ਮੁੱਖ ਮੰਤਰੀ ਖੱਟਰ ਇਹ ਕਹਿਣਾ ਚਾਹੁੰਦੇ ਹਨ ਕਿ 12 ਸਾਲ ਤੋਂ ਘੱਟ ਉਮਰ ਦੀਆਂ ਕੁੜੀਆਂ ਪਹਿਲਾਂ ਮੁੰਡਿਆਂ ਨਾਲ ਰਹਿੰਦੀਆਂ ਹਨ ਤੇ ਗੱਲਬਾਤ ਵਿਗੜਨ ’ਤੇ ਐਫਆਈਆਰ ਦਰਜ ਕਰਵਾਉਣ ਪਹੁੰਚ ਜਾਂਦੀਆਂ ਹਨ? ਰਿਪੋਰਟ ਮੁਤਾਬਕ ਹਰ ਵਰਗ ਦੀਆਂ ਮਹਿਲਾਵਾਂ ਬਲਾਤਕਾਰ ਦਾ ਸ਼ਿਕਾਰ ਹੋਈਆਂ ਹਨ। ਇਹ ਸਾਰੇ ਮਾਮਲੇ 2016 ਦੇ ਹਨ।
ਖੱਟਰ ਦੇ ਕਾਰਜਕਾਲ ’ਚ ਬਲਾਤਕਾਰ ਦੇ ਮਾਮਲੇ ਵਧੇ: ਹਰਿਆਣਾ ਸਰਕਾਰ
ਦੂਜੇ ਪਾਸੇ, ਖੱਟਰ ਸਰਕਾਰ ਦੇ ਸੱਤਾ ਵਿੱਚ ਆਉਣ ਬਾਅਦ ਬਲਾਤਕਾਰ ਦੀਆਂ ਘਟਨਾਵਾਂ ਵਧੀਆਂ ਹਨ, ਇਹ ਖ਼ੁਦ ਉਨ੍ਹਾਂ ਦੀ ਆਪਣੀ ਸਰਕਾਰ ਦੀ ਬਣਾਈ ਰਿਪੋਰਟ ਵਿੱਚ ਬਿਆਨ ਕੀਤਾ ਗਿਆ ਹੈ। ਕ੍ਰਾਈਮ ਅਗੈਂਸਟ ਵੂਮਨ ਦੀ ਰਿਪੋਟ ਮੁਤਾਬਕ ਮਨੋਹਰ ਲਾਲ ਖੱਟਰ ਨੇ ਜਿਸ ਵੇਲੇ ਸੱਤਾ ਸੰਭਾਲੀ, ਉਸ ਵੇਲੇ ਸੂਬੇ ਵਿੱਚ 961 ਬਲਾਤਕਾਰ, 1,833 ਜਿਣਸੀ ਸੋਸ਼ਣ ਅਤੇ 1,164 ਅਗਵਾਹ ਕਰਨ ਦੀਆਂ ਘਟਨਾਵਾਂ ਦਰਜ ਹੋਈਆਂ। ਪਰ 11 ਸਤੰਬਰ, 2018 ਤਕ ਇਨ੍ਹਾਂ ਵਿੱਚ ਵੱਡਾ ਵਾਧਾ ਦਰਜ ਕੀਤਾ ਗਿਆ। ਸਤੰਬਰ 2017 ਤੋਂ 11 ਸਤੰਬਰ, 2018 ਤਕ ਹਰਿਆਣਾ ਵਿੱਚ ਬਲਾਤਕਾਰ ਦੀਆਂ 1,413 ਘਟਨਾਵਾਂ, ਜਿਣਸੀ ਸੋਸ਼ਣ ਦੀਆਂ 2,320 ਅਤੇ ਅਗਵਾਹ ਕਰਨ ਦੀਆਂ 3,494 ਘਟਨਾਵਾਂ ਦਰਜ ਕੀਤੀਆਂ ਗਈਆਂ ਹਨ।