ਅਜਿਹੇ ‘ਚ ਉਮਾ ਭਾਰਤੀ ਨੇ ਇੱਕ ਤੋਂ ਬਾਅਦ ਇੱਕ ਅੱਠ ਟਵੀਟ ਕੀਤੇ ਹਨ। ਇਨ੍ਹਾਂ ‘ਚ ਉਸ ਨੇ ਪਹਿਲਾਂ ਤਾਂ ਸਾਹਮਣੇ ਆਏ ਨਤੀਜਿਆਂ ‘ਤੇ ਪਾਰਟੀ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਹੈ ਕਿ ਮੋਦੀ ਲਹਿਰ ਆਉਣ ਤੋਂ ਪਹਿਲਾਂ ਅਸੀਂ ਹਰਿਆਣਾ ‘ਚ ਦੋ ਵਿਧਾਨ ਸਭਾ ਸੀਟਾਂ ਜਿੱਤਣ ‘ਤੇ ਵੀ ਖੁਸ਼ ਹੋ ਜਾਂਦੇ ਸੀ। ਹੁਣ ਸਭ ਤੋਂ ਵੱਡੀ ਪਾਰਟੀ ਬਣਕੇ ਆਉਣਾ ਆਮ ਗੱਲ ਨਹੀਂ।
ਉਮਾ ਭਾਰਤੀ ਨੇ ਕਿਹਾ, “ਅਸੀਂ ਹਰਿਆਣਾ ‘ਚ ਸਰਕਾਰ ਬਣਾ ਸਕਦੇ ਹਾਂ। ਇਹ ਚੰਗੀ ਖ਼ਬਰ ਹੈ। ਮੈਨੂੰ ਜਾਣਕਾਰੀ ਮਿਲੀ ਹੈ ਕਿ ਗੋਪਾਲ ਕਾਂਡਾ ਨਾਂ ਦੇ ਆਜ਼ਾਦ ਉਮੀਦਵਾਰ ਦਾ ਸਮਰੱਥਨ ਵੀ ਸਾਨੂੰ ਮਿਲ ਰਿਹਾ ਹੈ। ਇਸੇ ‘ਤੇ ਮੈਂ ਕੁਝ ਕਹਿਣਾ ਹੈ।
ਉਨ੍ਹਾਂ ਕਿਹਾ, “ਜੇਕਰ ਗੋਪਾਲ ਕਾਂਡਾ ਉਹੀ ਵਿਅਕਤੀ ਹੈ ਜਿਸ ਕਰਕੇ ਇੱਕ ਕੁੜੀ ਨੇ ਖੁਦਕੁਸ਼ੀ ਕੀਤੀ ਸੀ ਤੇ ਉਸ ਦੀ ਮਾਂ ਨੇ ਵੀ ਨਿਆ ਨਾ ਮਿਲਣ ਕਰਕੇ ਖੁਦਕੁਸ਼ੀ ਕੀਤੀ ਸੀ, ਮਾਮਲਾ ਅਜੇ ਕੋਰਟ ‘ਚ ਹੈ ਤੇ ਇਹ ਵਿਅਕਤੀ ਜ਼ਮਾਨਤ ‘ਤੇ ਬਾਹਰ ਹੈ। ਗੋਪਾਲ ਕਾਂਡਾ ਬੇਕਸੂਰ ਹੈ ਜਾਂ ਅਪਰਾਧੀ ਇਹ ਤਾਂ ਕਾਨੂੰਨ ਤੇ ਸਬੂਤਾਂ ਦੇ ਆਧਾਰ ‘ਤੇ ਤੈਅ ਹੋਵੇਗਾ ਪਰ ਉਸ ਦਾ ਚੋਣ ਜਿੱਤਣਾ ਉਸ ਨੂੰ ਅਪਰਾਧਾਂ ਤੋਂ ਬਰੀ ਨਹੀਂ ਕਰਦਾ। ਚੋਣ ਜਿੱਤਣ ਦੇ ਵਧੇਰੇ ਫੈਕਟਰ ਹੁੰਦੇ ਹਨ।"