ਚੰਡੀਗੜ੍ਹ: ਹਰਿਆਣਾ ਦੀਆਂ 90 ਵਿਧਾਨ ਸਭਾ ਸੀਟਾਂ ਦੇ ਰੁਝਾਨ ‘ਚ ਪਾਰਟੀ ਨੂੰ ਪੂਰਨ ਬਹੁਮਤ ਮਿਲਦਾ ਨਾ ਵੇਖ ਪ੍ਰਦੇਸ਼ ਬੀਜੇਪੀ ਪ੍ਰਧਾਨ ਸੁਭਾਸ਼ ਬਰਾਲਾ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਸਾਰੇ 90 ਸੀਟਾਂ ਤੇ ਰੁਝਾਨ ਆ ਚੁੱਕੇ ਹਨ ਤੇ ਕਿਸੇ ਪਾਰਟੀ ਨੂੰ ਪੂਰਨ ਬਹੁਮਤ ਨਹੀਂ ਮਿਲਿਆ। ਇੱਥੇ ਸੱਤਾਧਾਰੀ ਪਾਰਟੀ ਬੀਜੇਪੀ ਤੇ ਕਾਂਗਰਸ ‘ਚ ਕਰੜਾ ਮੁਕਾਬਲਾ ਨਜ਼ਰ ਆ ਰਿਹਾ ਹੈ।


ਰੁਝਾਨਾਂ ‘ਚ ਟੋਹਾਣਾ ਸੀਟ ਤੋਂ ਉਮੀਦਵਾਰ ਬਰਾਲਾ ਜੇਜੇਪੀ ਦੇ ਉਮੀਦਵਾਰ ਦੇਵੇਂਦਰ ਸਿੰਘ ਬਬਲੀ ਤੋਂ 25,090 ਵੋਟਾਂ ਤੋਂ ਪਿੱਛੇ ਚੱਲ ਰਹੇ ਹਨ। ਟੋਹਾਣਾ ‘ਚ ਹਾਰ ਦੇ ਅੰਦਾਜ਼ੇ ਤੋਂ ਬਰਾਲਾ ਵੋਟਾਂ ਦੀ ਗਿਣਤੀ ‘ਚ ਹੀ ਮਤਦਾਨ ਕੇਂਦਰ ਛੱਡ ਕੇ ਚਲੇ ਗਏ। ਪਾਰਟੀ ਸੂਤਰਾਂ ਦਾ ਕਹਿਣਾ ਹੈ ਬਰਾਲਾ ਨੇ ਸੂਬੇ ਪ੍ਰਧਾਨ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।

ਵੋਟਾਂ ਤੋਂ ਪਹਿਲਾਂ ਹਰਿਆਣਾ ‘ਚ 75 ਸੀਟਾਂ ਜਿੱਤਣ ਦਾ ਦਾਅਵਾ ਕਰਨ ਵਾਲੀ ਬੀਜੇਪੀ 37 ਸੀਟਾਂ ਤੋਂ ਅੱਗੇ ਚੱਲ ਰਹੀ ਹੈ। ਕਾਂਗਰਸ ਵੀ 35 ਸੀਟਾਂ ਤੋਂ ਅੱਗੇ ਚੱਲ ਰਹੀ ਹੈ। ਜੇਜੇਪੀ 10 ਸੀਟਾਂ ‘ਤੇ ਅੱਗੇ ਹੈ। ਅਜਿਹੇ ‘ਚ ਜੇਜੇਪੀ ਕਿੰਗਮੇਕਰ ਸਾਬਤ ਹੋ ਸਕਦੀ ਹੈ।