ਝੱਜਰ: ਹਰਿਆਣਾ ਦੇ ਝੱਜਰ ਵਿੱਚ ਸੋਮਵਾਰ ਨੂੰ ਇਨੈਲੋ ਲੀਡਰ ਤੇ ਹੋਟਲ ਕਾਰੋਬਾਰੀ ਸਤੀਸ਼ ਦੇਸ਼ਵਾਲ ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਹਮਲਾਵਰਾਂ ਨੇ ਬੇਹੱਦ ਨੇੜਿਓਂ ਉਨ੍ਹਾਂ 'ਤੇ ਫਾਇਰਿੰਗ ਕੀਤੀ। ਹਾਲਾਂਕਿ ਦੇਸ਼ਵਾਲ ਨੇ ਹੋਟਲ ਦੇ ਅੰਦਰ ਵੱਲ ਭੱਜ ਕੇ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਗੋਲੀਆਂ ਲੱਗਣ ਕਰਕੇ ਉਹ ਮੌਕੇ 'ਤੇ ਹੀ ਹੇਠਾਂ ਡਿੱਗ ਗਏ। ਹੋਟਲ ਦਾ ਸਟਾਫ ਵੀ ਹਮਲਾਵਰਾਂ ਤੋਂ ਡਰ ਕੇ ਖੇਤਾਂ ਵੱਲ ਭੱਜ ਗਿਆ।


ਇੰਡੀਅਨ ਨੈਸ਼ਨਲ ਲੋਕਦਲ ਦੇ ਸਾਬਕਾ ਸ਼ਹਿਰੀ ਪ੍ਰਧਾਨ ਰਹੇ ਸਤੀਸ਼ ਦੇਸ਼ਵਾਲ ਝੱਜਰ-ਗੁਰੂਗ੍ਰਾਮ ਰੋਡ 'ਤੇ ਮਹਾਰਾਜਾ ਹੋਟਲ ਚਲਾਉਂਦੇ ਸੀ ਤੇ ਨਾਲ ਪ੍ਰਾਪਰਟੀ ਦਾ ਕਾਰੋਬਾਰ ਵੀ ਕਰਦੇ ਸੀ। ਸਵੇਰ ਵੇਲੇ ਜਦੋਂ ਦੇਸ਼ਵਾਲ ਦੇਸ਼ਵਾਲ ਆਪਣੇ ਹੋਟਲ ਦੇ ਕਾਊਂਟਰ 'ਤੇ ਬੈਠੇ ਸੀ ਤਾਂ ਅਚਾਨਕ ਉਨ੍ਹਾਂ 'ਤੇ ਗੋਲੀਆਂ ਚੱਲਣ ਲੱਗੀਆਂ। ਵਾਰਦਾਤ ਦੀ ਸੂਚਨਾ ਮਿਲਣ ਬਾਅਦ ਝੱਜਰ ਪੁਲਿਸ ਮੌਕੇ 'ਤੇ ਪਹੁੰਚੀ ਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ।

ਪੁਲਿਸ ਨੇ ਕਿਹਾ ਹੈ ਕਿ ਲਾਸ਼ ਪੋਸਟ ਮਾਰਟਮ ਲਈ ਭੇਜ ਦਿੱਤੀ ਗਈ ਹੈ ਤੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਜਾਂਚ ਲਈ ਪੁਲਿਸ ਨੇ ਸੀਆਈਏ ਸਟਾਫ ਵੀ ਬੁਲਾਇਆ ਹੈ। ਸ਼ੁਰੂਆਤੀ ਜਾਂਚ ਦੌਰਾਨ ਪੁਲਿਸ ਨੇ ਮੌਕੇ ਤੋਂ ਕਰੀਬ ਅੱਧੀ ਦਰਜਣ ਗੋਲੀਆਂ ਦੇ ਖੋਲ ਬਰਾਮਦ ਕੀਤੇ ਹਨ। ਹੋਟਲ ਵਿੱਚ ਸੀਸੀਟੀਵੀ ਕੈਮਰੇ ਵੀ ਚੈਕ ਕੀਤੇ ਪਰ ਉਹ ਬੰਦ ਪਏ ਸਨ। ਦੱਸਿਆ ਜਾ ਰਿਹਾ ਹੈ ਕਿ ਦੇਸ਼ਵਾਲ ਨੂੰ 7 ਤੋਂ 8 ਗੋਲੀਆਂ ਮਾਰੀਆਂ ਗਈਆਂ ਹਨ।