ਮਨਵੀਰ ਕੌਰ ਰੰਧਾਵਾ ਦੀ ਰਿਪੋਰਟ
ਚੰਡੀਗੜ੍ਹ: ਹਰਿਆਣਾ ਰਾਜ ਚੋਣ ਕਮਿਸ਼ਨ ਦੇ ਕਮਿਸ਼ਨਰ ਧਨਪਤ ਸਿੰਘ ਨੇ ਸੋਮਵਾਰ ਨੂੰ 46 ਸ਼ਹਿਰਾਂ 'ਚ ਮਿਉਂਸਪਲ ਬਾਡੀਜ਼ ਦੀਆਂ ਚੋਣਾਂ ਦਾ ਐਲਾਨ ਕੀਤਾ। ਇਨ੍ਹਾਂ ਚੋਂ 18 ਨਗਰ ਕੌਂਸਲਾਂ ਤੇ 28 ਨਗਰ ਪਾਲਿਕਾ ਲਈ ਚੋਣਾਂ ਹੋਣਗੀਆਂ। ਚੋਣਾਂ 19 ਜੂਨ ਨੂੰ ਸਵੇਰੇ 7 ਤੋਂ ਸ਼ਾਮ 6 ਵਜੇ ਤੱਕ ਪੈਣਗੀਆਂ ਤੇ ਵੋਟਾਂ ਦੀ ਗਿਣਤੀ 22 ਜੂਨ ਨੂੰ ਹੋਵੇਗੀ। ਇਸ ਵਾਰ ਪੋਲਿੰਗ ਦਾ ਸਮਾਂ ਇੱਕ ਘੰਟਾ ਵਧਾਇਆ ਗਿਆ ਹੈ। ਸਿਰਸਾ ਨਗਰ ਕੌਂਸਲ, ਫਰੀਦਾਬਾਦ ਨਗਰ ਨਿਗਮ, ਥਾਨੇਸਰ, ਬੱਡਾ, ਬਦਲੀ ਤੇ ਸੀਵਾਨ ਨਗਰ ਪਾਲਿਕਾਵਾਂ ਲਈ ਵੋਟਰ ਸੂਚੀ ਦਾ ਕੰਮ ਸ਼ੁਰੂ ਹੋ ਰਿਹਾ ਹੈ। ਇਸ ਲਈ ਇੱਥੇ ਦੂਜੇ ਪੜਾਅ ਵਿੱਚ ਚੋਣਾਂ ਹੋਣੀਆਂ ਹਨ।
ਚੋਣ ਕਮਿਸ਼ਨਰ ਧਨਪਤ ਸਿੰਘ ਨੇ ਕਿਹਾ ਕਿ ਮੇਅਰ ਦੇ ਅਹੁਦੇ ਲਈ ਚੋਣ ਸਿੱਧੀ ਹੋਵੇਗੀ। ਮਰਦਾਂ ਲਈ 10ਵੀਂ ਪਾਸ ਹੋਣਾ ਜ਼ਰੂਰੀ ਹੈ। ਜਦੋਂ ਕਿ ਅਨੁਸੂਚਿਤ ਜਾਤੀ ਅਤੇ ਆਮ ਔਰਤ ਲਈ ਵਿਦਿਅਕ ਯੋਗਤਾ ਅੱਠਵੀਂ ਪਾਸ ਹੈ। ਮੇਅਰ ਦਾ ਕਾਰਜਕਾਲ ਪੰਜ ਸਾਲ ਲਈ ਹੋਵੇਗਾ।
ਧਨਪਤ ਸਿੰਘ ਨੇ ਦੱਸਿਆ ਕਿ ਨਾਮਜ਼ਦਗੀਆਂ 30 ਮਈ ਤੋਂ ਸ਼ੁਰੂ ਹੋ ਜਾਣਗੀਆਂ ਜੋ ਕਿ 4 ਜੂਨ ਤੱਕ ਚੱਲੇਗੀ। ਇਸ ਤੋਂ ਬਾਅਦ 6 ਜੂਨ ਨੂੰ ਸਵੇਰੇ 11.30 ਤੋਂ ਬਾਅਦ ਦੁਪਹਿਰ 3 ਵਜੇ ਤੱਕ ਪੜਤਾਲ ਹੋਵੇਗੀ। 7 ਜੂਨ ਨੂੰ ਨਾਮਜ਼ਦਗੀ ਪੱਤਰ ਵਾਪਸ ਲਏ ਜਾ ਸਕਦੇ ਹਨ ਤੇ ਪੋਲਿੰਗ ਸਟੇਸ਼ਨਾਂ ਦੀ ਸੂਚੀ ਜਾਰੀ ਕੀਤੀ ਜਾਵੇਗੀ। 19 ਜੂਨ ਨੂੰ ਵੋਟਾਂ ਪੈਣਗੀਆਂ ਤੇ 22 ਜੂਨ ਨੂੰ ਵੋਟਾਂ ਦੀ ਗਿਣਤੀ ਹੋਵੇਗੀ।
ਇਸ ਦੇ ਨਾਲ ਹੀ ਕਮਿਸ਼ਨ ਨੇ ਕਿਹਾ ਕਿ 4 ਹਜ਼ਾਰ ਈਵੀਐਮ ਭੇਜ ਕੇ ਚੈਕਿੰਗ ਕੀਤੀ ਗਈ। ਚੋਣਾਂ ਵਿੱਚ ਦਸ ਹਜ਼ਾਰ ਦੇ ਕਰੀਬ ਮੁਲਾਜ਼ਮ ਹਿੱਸਾ ਲੈਣਗੇ। ਜਦੋਂਕਿ ਪੁਲਿਸ ਫੋਰਸ ਦੀ ਗਿਣਤੀ ਵੱਖਰੀ ਹੋਵੇਗੀ। ਮੇਅਰ ਦੇ ਅਹੁਦੇ ਲਈ ਪਿੰਕ ਬੈਲਟ ਪੇਪਰ ਅਤੇ ਮੈਂਬਰ ਲਈ ਵ੍ਹਾਈਟ ਪੇਪਰ ਦੀ ਵਰਤੋਂ ਕੀਤੀ ਜਾਵੇਗੀ। ਕਮਿਸ਼ਨ ਨੇ ਕਿਹਾ ਕਿ ਉਮੀਦਵਾਰ ਜਾਤ, ਧਰਮ ਤੋਂ ਉੱਪਰ ਉੱਠ ਕੇ ਚੁਣੇ ਜਾਣ।
ਆਮ ਆਦਮੀ ਪਾਰਟੀ ਨੇ ਨਗਰ ਕੌਂਸਲ ਅਤੇ ਨਗਰ ਪਾਲਿਕਾ ਦੇ ਚੋਣ ਨਿਸ਼ਾਨਾਂ ’ਤੇ ਚੋਣ ਲੜਨ ਲਈ ਚੋਣ ਕਮਿਸ਼ਨ ਨੂੰ ਅਰਜ਼ੀ ਦਿੱਤੀ ਹੈ। ਉਨ੍ਹਾਂ ਨੂੰ ਤਿੰਨ ਦਿਨਾਂ ਦੇ ਅੰਦਰ ਚੋਣ ਨਿਸ਼ਾਨ ਝਾੜੂ ਅਲਾਟ ਕਰ ਦਿੱਤਾ ਜਾਵੇਗਾ। 46 ਨਗਰ ਕੌਂਸਲਾਂ ਤੇ ਨਗਰ ਪਾਲਿਕਾਵਾਂ ਦੀਆਂ ਚੋਣਾਂ ਵਿੱਚ ਕੁੱਲ 18 ਲੱਖ 20 ਹਜ਼ਾਰ ਵੋਟਰ ਹਿੱਸਾ ਲੈਣਗੇ। ਇਨ੍ਹਾਂ ਚੋਂ 9 ਲੱਖ 65 ਹਜ਼ਾਰ 547 ਪੁਰਸ਼ ਅਤੇ 8 ਲੱਖ 64 ਹਜ਼ਾਰ 612 ਮਹਿਲਾ ਵੋਟਰ, 49 ਟਰਾਂਸਜੈਂਡਰ ਵੋਟਿੰਗ ਵਿੱਚ ਹਿੱਸਾ ਲੈਣਗੇ।
ਦੱਸ ਦੇਈਏ ਕਿ ਨਗਰ ਨਿਗਮ ਚੋਣਾਂ ਵਿੱਚ ਰਾਖਵੇਂਕਰਨ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਗਈ ਸੀ। ਇਸ ਵਾਰ ਸਰਕਾਰ ਨੇ ਮੇਅਰ ਦੀ ਸਿੱਧੀ ਚੋਣ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਸੀ। ਇਸ ਦੇ ਨਾਲ ਹੀ ਪੱਛੜੀਆਂ ਸ਼੍ਰੇਣੀਆਂ ਲਈ ਹੈੱਡ ਪੋਸਟ ਰਿਜ਼ਰਵ ਕਰਨ ਦਾ ਐਲਾਨ ਕੀਤਾ ਗਿਆ ਸੀ। ਸਰਕਾਰ ਦੇ ਇਸ ਫੈਸਲੇ ਨੂੰ ਹੀ ਹਾਈਕੋਰਟ 'ਚ ਚੁਣੌਤੀ ਦਿੱਤੀ ਗਈ ਸੀ ਪਰ 17 ਮਈ ਨੂੰ ਇਸ ਮਾਮਲੇ ਦਾ ਨਿਪਟਾਰਾ ਕਰਦੇ ਹੋਏ ਹਾਈਕੋਰਟ ਨੇ ਸੂਬੇ ਵਿੱਚ ਚੋਣਾਂ ਕਰਵਾਉਣ ਲਈ ਹਰੀ ਝੰਡੀ ਦੇ ਦਿੱਤੀ ਸੀ। ਕਰੀਬ 51 ਨਗਰ ਕੌਂਸਲਾਂ ਅਤੇ ਨਗਰ ਪਾਲਿਕਾਵਾਂ ਦਾ ਕਾਰਜਕਾਲ ਖਤਮ ਹੋ ਗਿਆ ਹੈ। ਉਨ੍ਹਾਂ ਦਾ ਵਾਰਡ ਵੀ ਬੰਦ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: Cannes 2022: Nargis Fakhri ਦੀ ਕਾਨਸ ਲੁੱਕ ਸਾਹਮਣੇ ਆਈ, ਪਿੰਕ ਬਲੱਸ਼ ਗਾਊਨ 'ਚ ਕਾਰਪੇਟ 'ਤੇ ਐਂਟਰੀ