ਚੰਡੀਗੜ੍ਹ: ਹਰਿਆਣਾ ਦੇ ਸੀਨੀਅਰ ਆਈਏਐਸ ਅਫਸਰ ਅਸ਼ੋਕ ਖੇਮਕਾ ਨੂੰ 52ਵੇਂ ਸਥਾਨ 'ਤੇ ਤਬਦੀਲ ਕੀਤਾ ਗਿਆ ਹੈ। ਉਨ੍ਹਾਂ ਨੂੰ ਪੁਰਾਲੇਖ, ਪੁਰਾਤੱਤਵ ਤੇ ਅਜਾਇਬ ਘਰ ਵਿੱਚ ਮੁੱਖ ਸਕੱਤਰ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਉਹ ਵਿਗਿਆਨ ਤੇ ਤਕਨਾਲੋਜੀ ਵਿਭਾਗ ਦੇ ਮੁੱਖ ਸਕੱਤਰ ਵਜੋਂ ਸੇਵਾ ਨਿਭਾਅ ਰਹੇ ਸਨ। ਖੇਮਕਾ ਦਾ ਇਹ ਤਬਾਦਲਾ ਲਗਪਗ 8 ਮਹੀਨਿਆਂ ਬਾਅਦ ਹੋਇਆ। 1991 ਬੈਚ ਦੇ ਅਸ਼ੋਕ ਖੇਮਕਾ ਦੀ ਇਸ ਤੋਂ ਪਹਿਲਾਂ ਮਾਰਚ 2019 ਵਿੱਚ ਬਦਲੀ ਕੀਤੀ ਗਈ ਸੀ।


ਪੁਰਾਲੇਖ ਵਿਭਾਗ ਬੀਜੇਪੀ ਦੀ ਰਾਜ ਮੰਤਰੀ ਕਮਲੇਸ਼ ਢਾਂਡਾ ਜਦਕਿ ਪੁਰਾਤੱਤਵ ਤੇ ਅਜਾਇਬ ਘਰ ਜੇਜੇਪੀ ਜੇ ਰਾਜ ਮੰਤਰੀ ਅਨੂਪ ਧਾਨਕ ਕੋਲ ਹੈ। ਆਈਏਐਸ ਖੇਮਕਾ ਨੂੰ ਲੰਬੇ ਸਮੇਂ ਤੋਂ ਕਿਸੇ ਵੱਡੇ ਵਿਭਾਗ ਦੀ ਜ਼ਿੰਮੇਵਾਰੀ ਨਹੀਂ ਦਿੱਤੀ ਗਈ ਹੈ।


ਬੀਜੇਪੀ ਤੋਂ ਪਹਿਲਾਂ ਖੇਮਕਾ ਨੂੰ ਕਾਂਗਰਸ ਦੀ ਹੁੱਡਾ ਸਰਕਾਰ ਵਿੱਚ ਵੀ 22 ਵਾਰ ਤਬਦੀਲ ਕੀਤਾ ਗਿਆ ਸੀ। ਉਹ ਜਿਸ ਵੀ ਵਿਭਾਗ ਵਿੱਚ ਜਾਂਦੇ ਹਨ, ਉਹ ਘਪਲਿਆਂ ਦੇ ਮਾਮਲਿਆਂ ਨੂੰ ਉਜਾਗਰ ਕਰਦੇ ਰਹੇ ਹਨ। ਖੇਡ ਵਿਭਾਗ ਤੋਂ ਪਹਿਲਾਂ ਉਨ੍ਹਾਂ ਧੋਖਾਧੜੀ ਦੇ ਖ਼ਦਸ਼ੇ 'ਚ ਸਮਾਜ ਭਲਾਈ ਵਿਭਾਗ ਵਿੱਚ 3 ਲੱਖ ਤੋਂ ਵੱਧ ਬਜ਼ੁਰਗ ਲੋਕਾਂ ਦੀ ਪੈਨਸ਼ਨ ਰੋਕ ਦਿੱਤੀ ਸੀ।


ਇਸ ਤੋਂ ਪਹਿਲਾਂ ਬੀਜ ਵਿਕਾਸ ਨਿਗਮ ਵਿੱਚ ਵੀ ਇੱਕ ਘਪਲਾ ਫੜਿਆ ਗਿਆ ਸੀ। ਬੀਜੇਪੀ ਸਰਕਾਰ ਦੇ ਪਹਿਲੇ ਤੇ ਦੂਜੇ ਕਾਰਜਕਾਲ ਵਿੱਚ ਖੇਮਕਾ ਦਾ ਇਹ 7ਵਾਂ ਤਬਾਦਲਾ ਹੈ। ਉਨ੍ਹਾਂ ਨੂੰ ਖੇਡ ਮੰਤਰੀ ਅਨਿਲ ਵਿਜ ਨੇ ਹੀ ਖੇਡ ਵਿਭਾਗ ਵਿੱਚ ਲਿਜਾਇਆ ਸੀ।