ਨਵੀਂ ਦਿੱਲੀ: ਬਿਜਨੌਰ ਦੇ ਨਜੀਬਾਬਾਦ ਦੇ ਸੇਂਟ ਮੈਰੀਜ਼ ਸਕੂਲ ‘ਚ ਸਿੱਖ ਵਿਦਿਆਰਥੀਆਂ ਦੇ ਪੱਗ ਬੰਨ੍ਹ ਕੇ ਆਉਣ ‘ਤੇ ਸਕੂਲ ਮੈਨੇਜਮੈਂਟ ਨੇ ਇਤਰਾਜ਼ ਕੀਤਾ ਹੈ। ਇਸ ਨਾਲ ਸਿੱਖ ਭਾਈਚਾਰ ‘ਚ ਰੋਸ ਹੈ। ਇਸ ਬਾਰੇ ਜਦੋਂ ਉਨ੍ਹਾਂ ਨੇ ਸਕੂਲ ਦੀ ਪ੍ਰਿੰਸੀਪਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਇਸ ਫੈਸਲੇ ਨੂੰ ਸੰਸਥਾ ਦਾ ਨਿਯਮ ਕਿਹਾ ਤੇ ਇਸ ਦੀ ਪਾਲਣਾ ਕਰਨ ਦੀ ਗੱਲ ਕਹੀ।

ਦੱਸ ਦਈਏ ਕਿ ਮਿਸ਼ਨਰੀਜ਼ ਸਕੂਲ ਸੇਂਟ ਮੈਰੀਜ਼ ਸਕੂਲ ‘ਚ ਵਿਦਿਆਰਥੀਆਂ ਨੂੰ ਪਿਛਲੇ ਕੁਝ ਦਿਨਾਂ ਤੋਂ ਸਕੂਲ ਮੈਨੇਜਮੈਂਟ ਲਗਾਤਾਰ ਟੋਕ ਰਹੀ ਹੈ। ਇਸ ਫਰਮਾਨ ਨੂੰ ਨਾ ਮੰਨਣ ‘ਤੇ ਮੰਗਲਵਾਰ ਨੂੰ ਵਿਦਿਆਰਥੀਆਂ ਦੀ ਪੱਗ ‘ਤੇ ਪ੍ਰਿੰਸੀਪਲ ਨੇ ਇਤਰਾਜ਼ ਪ੍ਰਗਟ ਕਰਦਿਆਂ ਉਨ੍ਹਾਂ ਦੇ ਮਾਪਿਆਂ ਨੂੰ ਸੂਚਿਤ ਕੀਤਾ। ਉਨ੍ਹਾਂ ਨੂੰ ਕਿਹਾ ਕਿ ਸਕੂਲ ‘ਚ ਵੱਡੀਆਂ ਪੱਗਾਂ ਬੰਨ੍ਹ ਕੇ ਆਉਣ ‘ਤੇ ਪਾਬੰਦੀ ਹੈ, ਉਹ ਪਟਕਾ ਬੰਨ੍ਹ ਕੇ ਆਉਣ।

ਇਸ ਤੋਂ ਬਾਅਦ ਜਦੋਂ ਮਾਪਿਆਂ ਨੇ ਪ੍ਰਿੰਸੀਪਲ ਨੂੰ ਕਿਹਾ ਕਿ ਪੱਗ ਕੋਈ ਫੈਸ਼ਨ ਨਹੀਂ ਹੈ ਸਗੋਂ ਸਿੱਖ ਧਰਮ ਨਾਲ ਜੁੜੀ ਅਹਿਮ ਨਿਸ਼ਾਨੀ ਹੈ। ਇਸ ਦਾ ਕੋਈ ਵੀ ਆਕਾਰ ਨਿਸ਼ਚਤ ਨਹੀਂ। ਸਿੱਖਾਂ ਦੀ ਪੱਗ 'ਤੇ ਦੇਸ਼-ਵਿਦੇਸ਼ ਵਿੱਚ ਕੋਈ ਪਾਬੰਦੀ ਨਹੀਂ। ਪ੍ਰਿੰਸੀਪਲ ਨੇ ਸਾਫ਼ ਕਹਿ ਦਿੱਤਾ ਕਿ ਜਾਂ ਤਾਂ ਸਿੱਖ ਵਿਦਿਆਰਥੀ ਪਟਕਾ ਬੰਨ੍ਹ ਕੇ ਆਉਣਗੇ ਜਾਂ ਉਨ੍ਹਾਂ ਦੇ ਪਰਿਵਾਰ ਵਾਲੇ ਆਪਣੇ ਬੱਚਿਆਂ ਨੂੰ ਕਿਸੇ ਹੋਰ ਸਕੂਲ ਵਿੱਚ ਦਾਖ਼ਲ ਕਰਵਾ ਸਕਦੇ ਹਨ।