ਜਗਵਿੰਦਰ ਪਟਿਆਲ ਦੀ ਰਿਪੋਰਟ


ਚੰਡੀਗੜ੍ਹ: ਕਿਸਾਨ ਅੰਦੋਲਨ ਨੇ ਹਰਿਆਣਾ ਸਰਕਾਰ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ। ਕੇਂਦਰ ਨੇ ਕਿਸਾਨਾਂ ਦੀ ਮੰਗ 'ਤੇ ਜਲਦ ਕੋਈ ਫੈਸਲਾ ਨਾ ਲਿਆ ਤਾਂ ਬੀਜੇਪੀ ਤੇ ਜੇਜੇਪੀ ਦੀ ਦੋਸਤੀ ਟੁੱਟ ਸਕਦੀ ਹੈ। ਡਿਪਟੀ CM ਦੁਸ਼ਿਅੰਤ ਚੌਟਾਲਾ ਤਾਂ ਖੱਟਰ ਸਰਕਾਰ ਤੋਂ ਵੱਖ ਨਹੀਂ ਹੋਣਾ ਚਾਹੁੰਦੇ ਪਰ ਹਰਿਆਣਾ ਦੀਆਂ ਖਾਪਾਂ ਨੇ ਕਿਸਾਨ ਸਮਰਥਨ 'ਚ ਉੱਤਰ ਕੇ ਜੇਜੇਪੀ ਨੂੰ ਮਜਬੂਰ ਕਰ ਦਿੱਤਾ ਹੈ। ਇਹੀ ਕਾਰਨ ਹੈ ਕਿ ਜਨਨਾਇਕ ਜਨਤਾ ਪਾਰਟੀ 'ਤੇ ਦਬਾਅ ਪੈਣ ਲੱਗਾ ਹੈ।



ਹਰਿਆਣਾ ਦੀ ਖੱਟਰ ਸਰਕਾਰ ਕਿਸਾਨਾਂ ਦੇ ਅੰਦੋਲਨ ਨੂੰ ਹੁਣ ਤਕ ਪੰਜਾਬ ਦੇ ਕਿਸਾਨਾਂ ਦਾ ਪੰਜਾਬ ਦੇ ਮੁੱਖ ਮੰਤਰੀ ਦੇ ਇਸ਼ਾਰੇ 'ਤੇ ਛੇੜਿਆ ਗਿਆ ਅੰਦੋਲਨ ਦੱਸ ਰਹੀ ਸੀ ਪਰ ਬੁੱਧਵਾਰ ਚੰਡੀਗੜ੍ਹ 'ਚ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਘਰ ਘੇਰਨ ਜਾ ਰਹੇ ਯੂਥ ਕਾਂਗਰਸ ਦੇ ਕਾਰਕੁੰਨਾਂ 'ਤੇ ਪੁਲਿਸ ਐਕਸ਼ਨ ਹੋਇਆ ਤਾਂ ਦੁਸ਼ਿਅੰਤ ਚੌਟਾਲਾ ਦੀ ਪਾਰਟੀ ਜੇਜੇਪੀ ਨੂੰ ਸਮਝ ਆ ਗਿਆ ਕਿ ਕਿਸਾਨ ਅੰਦੋਲਨ ਹਰਿਆਣਾ ਦੇ ਪਿੰਡ ਤਕ ਫੈਲ ਚੁੱਕਾ ਹੈ।


ਹਰਿਆਣਾ ਦੀਆਂ ਖਾਪਾਂ ਨੇ ਪਿੰਡ-ਪਿੰਡ ਤੇ ਹਰ ਵਿਧਾਇਕ ਦੇ ਕੋਲ ਜਾਕੇ ਖੱਟਰ ਸਰਕਾਰ ਦੇ ਖਿਲਾਫ ਮਾਹੌਲ ਬਣਾਉਣ ਦੀ ਜ਼ਿੰਮੇਵਾਰੀ ਚੁੱਕੀ ਹੈ। ਖਾਪ ਪੰਚਾਇਤਾਂ ਦਾ ਮਤਲਬ ਹਰਿਆਣਾ ਦਾ ਉਹ ਜਾਟ ਵੋਟਰ ਹੈ ਜਿਸ ਕੋਲ ਸੱਤਾ ਦੀ ਚਾਬੀ ਰਹਿੰਦੀ ਹੈ। ਕਾਂਗਰਸ ਹੋਵੇ ਜਾਂ ਓਪ ਪ੍ਰਕਾਸ਼ ਚੌਟਾਲਾ ਦੀ ਆਈਐਨਐਲਡੀ ਜਾਂ ਫਿਰ ਉਨ੍ਹਾਂ ਦੇ ਪੋਤੇ ਦੁਸ਼ਿਅੰਤ ਚੌਟਾਲਾ ਦੀ ਪਾਰਟੀ ਜੇਜੇਪੀ ਸਭ ਜਾਟ ਵੋਟ ਬੈਂਕ ਦੀ ਸਿਆਸਤ ਕਰਦੇ ਹਨ ਤੇ ਬੀਜੇਪੀ ਗੈਰ ਜਾਟ ਦੀ ਸਿਆਸਤ ਕਰਦੀ ਹੈ।


ਹਰਿਆਣਾ 'ਚ ਕਿਸਾਨਾਂ ਤੇ ਖਾਪਾਂ ਦਾ ਇਕੱਠੇ ਹੋਣ ਦਾ ਮਤਲਬ ਹਰਿਆਣਾ ਦੀ ਸਿਆਸੀ ਦਸ਼ਾ ਤੇ ਦਿਸ਼ਾ ਤੈਅ ਕਰਨ ਤੋਂ ਹੈ। ਦੁਸ਼ਿਅੰਤ ਨੇ 2019 ਨੇ 2019 ਦੀਆਂ ਵਿਧਾਨ ਸਭਾ ਚੋਣਾਂ 'ਚ ਬੀਜੇਪੀ ਖਿਲਾਫ ਵੋਟ ਮੰਗੇ ਸਨ। ਬੀਜੇਪੀ ਨੂੰ ਸਪਸ਼ਟ ਬਹੁਮਤ ਨਹੀਂ ਮਿਲਿਆ ਤਾਂ ਦੁਸ਼ਿਅੰਤ ਚੌਟਾਲਾ ਨੇ ਬੀਜੇਪੀ ਨਾਲ ਸਮਝੌਤਾ ਕਰਕੇ ਗਠਜੋੜ ਸਰਕਾਰ ਬਣਾ ਲਈ। ਬਹੁਤ ਸਾਰੇ ਜਾਟ ਇਸ ਗਠਜੋੜ ਤੋਂ ਖੁਸ਼ ਨਹੀਂ ਹਨ। ਖੁਦ ਨੂੰ ਠੱਗਿਆ ਮਹਿਸੂਸ ਕਰਦੇ ਹਨ।


ਉਨ੍ਹਾਂ ਨੂੰ ਲੱਗਦਾ ਹੈ ਬੀਜੇਪੀ ਦੇ ਖਿਲਾਫ ਉਨ੍ਹਾਂ ਜੇਜੇਪੀ ਨੂੰ ਵੋਟ ਦੇਕੇ ਆਪਣਾ ਗੁੱਸਾ ਕੱਢਿਆ ਸੀ ਪਰ ਜੇਜੇਪੀ ਖੁਦ ਬੀਜੇਪੀ ਨਾਲ ਜਾ ਮਿਲੀ। ਕਿਸਾਨ ਅੰਦੋਲਨ 'ਚ ਜਾਟ ਵੋਟਰ ਨੂੰ ਇਹ ਗਿਲਾ ਮਿਟਾਉਣ ਦਾ ਸਹੀ ਮੌਕਾ ਮਿਲ ਗਿਆ ਹੈ। ਜੇਜੇਪੀ ਵੀ ਸਮਝ ਰਹੀ ਹੈ ਕਿ ਸੱਤਾ ਦੇ ਲਾਲਚ 'ਚ ਕਿਸਾਨ ਅੰਦੋਲਨ 'ਤੇ ਚੁੱਪ ਬੈਠਣਾ ਸਿਆਸੀ ਖੁਦਕੁਸ਼ੀ ਤੋਂ ਘੱਟ ਨਹੀਂ।


90 ਸੀਟਾਂ ਵਾਲੀ ਹਰਿਆਣਾ ਵਿਧਾਨ ਸਭਾ 'ਚ ਬੀਜੇਪੀ ਕੋਲ 40 ਸੀਟਾਂ ਹਨ ਤੇ ਕਾਂਗਰਸ ਦੀਆਂ 31 ਸੀਟਾਂ ਹਨ। ਬੀਜੇਪੀ ਨੇ ਜੇਜੇਪੀ ਦੀਆਂ 10 ਸੀਟਾਂ ਨਾਲ ਸਰਕਾਰ ਬਣਾਈ ਸੀ। ਦੁਸ਼ਿਅੰਤ ਚੌਟਾਲਾ ਇਸ ਸਰਕਾਰ 'ਚ ਡਿਪਟੀ ਸੀਐਮ ਬਣੇ। ਕੁਝ ਨਿਰਦਲੀ ਵਿਧਾਇਕਾਂ ਨੂੰ ਵੀ ਖੱਟਰ ਨੇ ਆਪਣੇ ਪਾਲੇ 'ਚ ਰੱਖਿਆ। ਚਰਖੀ ਦਾਦਰੀ ਦੇ ਵਿਧਾਇਕ ਸੋਮਵੀਰ ਸੰਗਵਾਨ ਇਨ੍ਹਾਂ 'ਚੋਂ ਇਕ ਸਨ। ਖੱਟਰ ਸਰਕਾਰ ਨੇ ਸੰਗਵਾਨ ਨੂੰ ਮਹੀਨਾ ਪਹਿਲਾਂ ਬੋਰਡ ਦਾ ਚੇਅਰਮੈਨ ਵੀ ਲਾਇਆ ਪਰ ਕਿਸਾਨ ਅੰਦੋਲਨ ਕਾਰਨ ਮੰਗਲਵਾਰ ਸੰਗਵਾਨ ਨੇ ਅਸਤੀਫਾ ਦੇ ਦਿੱਤਾ ਤੇ ਖੱਟਰ ਸਰਕਾਰ ਤੋਂ ਸਮਰਥਨ ਵੀ ਵਾਪਸ ਲੈ ਲਿਆ।


ਕਿਸਾਨਾਂ ਦੇ ਮੁੱਦੇ 'ਤੇ ਕਾਂਗਰਸ ਪਾਰਟੀ CM ਖੱਟਰ ਦਾ ਘਰ ਘੇਰ ਰਹੀ ਹੈ ਤੇ ਨਿਰਦਲ ਵਿਧਾਇਕ ਅਹੁਦੇ ਛੱਡ ਰਹੇ ਹਨ। ਲਿਹਾਜ਼ਾ ਜੇਜਪੀ ਧਰਮ ਸੰਕਟ 'ਚ ਫਸ ਗਈ ਹੈ। ਦੁਸ਼ਿਅੰਤ ਸੱਤਾ ਛੱਡਣਾ ਨਹੀਂ ਚਾਹੁੰਦੇ ਪਰ ਕਿਸਾਨ ਤੇ ਖਾਪਾਂ ਉਨ੍ਹਾਂ ਨੂੰ ਸੱਤਾ ਤੋਂ ਦੂਰ ਕਰਨ 'ਚ ਕੋਈ ਕਸਰ ਨਹੀਂ ਛੱਡ ਰਹੇ। NDA ਛੱਡਣ ਮਗਰੋਂ ਅਕਾਲੀ ਦਲ ਨੇ ਦੁਸ਼ਿਅੰਤ ਚੌਟਾਲਾ ਨੂੰ ਇਹ ਨੇਕ ਸਲਾਹ ਵੀ ਦਿੱਤੀ ਸੀ ਕਿ ਕਿਸਾਨਾਂ ਲਈ ਸਰਕਾਰ ਤੋਂ ਬਾਹਰ ਹੋ ਜਾਉ ਨਹੀਂ ਤਾਂ ਪਿੰਡ 'ਚ ਦਾਖਲ ਹੋਣਾ ਮੁਸ਼ਕਿਲ ਹੋ ਜਾਵੇਗਾ।


ਸਿਰਸਾ 'ਚ ਨਿਰਦਲੀ ਵਿਧਾਇਕ ਤੇ ਖੱਟਰ ਸਰਕਾਰ 'ਚ ਜੇਲ੍ਹ ਮੰਤਰੀ ਰਣਜੀਤ ਚੌਟਾਲਾ ਦੀ ਹਾਲਤ ਵੀ ਖਰਾਬ ਹੈ। ਜੇਲ੍ਹ ਮੰਤਰੀ ਨਾ ਸਰਕਾਰ ਦਾ ਪੱਖ ਲੈ ਪਾਉਂਦੇ ਹਨ ਤੇ ਨਾ ਕਿਸਾਨਾਂ ਦਾ ਪੱਖ ਲਏ ਬਿਨਾਂ ਰਹਿ ਪਾਉਂਦੇ ਹਨ। ਇਸ ਸਭ ਦਰਮਿਆਨ ਹਰਿਆਣਾ ਦੇ ਕਿਸਾਨ ਦਿੱਲੀ ਬਾਰਡਰ 'ਤੇ ਜਾ ਪਹੁੰਚੇ ਹਨ। ਖਾਪਾਂ ਕਿਸਾਨਾਂ ਦਾ ਖੁੱਲ੍ਹ ਕੇ ਸਮਰਥਨ ਕਰ ਰਹੀਆਂ ਹਨ। ਇਸ ਤੋਂ ਸਪਸ਼ਟ ਹੈ ਕਿ ਇਹ ਅੰਦੋਲਨ ਜਿੰਨਾਂ ਹੁਣ ਪੰਜਾਬ ਦਾ ਹੈ ਓਨਾ ਹੀ ਹਰਿਆਣਾ ਦਾ ਵੀ ਹੈ। ਸਿਆਸੀ ਜ਼ਮੀਨ ਬਚਾਉਣ ਲਈ JJP ਸਮਰਥਨ ਵਾਪਸ ਲੈ ਲੈਂਦੀ ਹੈ ਤਾਂ ਹਰਿਆਣਾ ਦੀ ਖੱਟਰ ਸਰਕਾਰ ਨਾ ਸਿਰਫ ਸੰਕਟ 'ਚ ਜਾਵੇਗੀ ਬਲਕਿ ਡਿੱਗਣ ਦੇ ਵੀ ਆਸਾਰ ਹਨ।


ਖੱਟਰ ਨੂੰ ਸਮਝ ਨਹੀਂ ਆਉਣਾ ਕਿਸਾਨਾਂ ਦਾ ਦਰਦ, ਕਦੇ ਕੀਤੀ ਨਹੀਂ ਖੇਤੀ: ਹਰਿਆਣਾ ਖਾਪ ਦਾ ਦਾਅਵਾ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ