ਨਵੀਂ ਦਿੱਲੀ: ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ 'ਤੇ ਕਿਸਾਨ ਅੰਦੋਲਨ ਕਰ ਰਹੇ ਹਨ। ਜਿਸ ਵਜ੍ਹਾ ਨਾਲ ਕਈ ਇਲਾਕਿਆਂ 'ਚ ਅੰਦੋਲਨ ਦਾ ਖਾਸ ਪ੍ਰਭਾਵ ਦੇਖਿਆ ਜਾ ਰਿਹਾ ਹੈ। ਅਜਿਹੀ ਤਸਵੀਰ ਦਿੱਲੀ ਦੇ ਟਿੱਕਰੀ ਬਰਾਡਰ 'ਤੇ ਵੀ ਦੇਖਣ ਨੂੰ ਮਿਲ ਰਹੀ ਹੈ। ਜਿੱਥੇ ਕਿਸਾਨ ਅੰਦੋਲਨ ਦੇ ਚੱਲਦਿਆਂ ਆਸਪਾਸ ਦੀਆਂ ਕਈ ਵੱਡੀਆਂ ਦੁਕਾਨਾਂ ਤੇ ਸ਼ੋਅਰੂਮ ਬੰਦ ਹਨ।


ਇਸ ਵਜ੍ਹਾ ਨਾਲ ਇਨ੍ਹਾਂ ਸ਼ੋਅਰੂਮ ਤੇ ਦੁਕਾਨਾਂ 'ਤੇ ਕੰਮ ਕਰਨ ਵਾਲਿਆਂ 'ਤੇ ਅਸਰ ਪੈ ਹੀ ਰਿਹਾ ਹੈ ਤੇ ਨਾਲ ਹੀ ਉਨ੍ਹਾਂ ਲੋਕਾਂ ਲਈ ਵੀ ਮੁਸ਼ਕਿਲ ਪੈਦਾ ਹੋ ਗਈ ਹੈ ਜਿੰਨ੍ਹਾਂ ਨੇ ਇਨ੍ਹਾਂ ਸ਼ੋਅਰੂਮਸ ਜਾਂ ਦੁਕਾਨਾਂ ਤੋਂ ਸਮਾਨ ਖਰੀਦਣਾ ਸੀ ਜਾਂ ਖਰੀਦ ਚੁੱਕੇ ਸਾਮਨ ਦੀ ਡਿਲੀਵਰੀ ਕਰਨੀ ਸੀ।


ਕਿਸਾਨ ਅੰਦੋਲਨ ਦੇ ਚੱਲਦਿਆਂ ਦਿੱਲੀ ਦੇ ਟਿੱਕਰੀ ਬਾਰਡਰ 'ਤੇ ਬਣੇ ਵੱਖ-ਵੱਖ ਕਾਰ ਸ਼ੋਅਰੂਮ 'ਚ ਵੀ ਕਈ ਤਰ੍ਹਾਂ ਦੀਆਂ ਦਿੱਕਤਾਂ ਪੇਸ਼ ਆ ਰਹੀਆਂ ਹਨ। ਕਿਸਾਨ ਅੰਦੋਲਨ ਦੇ ਚੱਲਦਿਆਂ ਕੰਮਕਾਜ ਪੂਰੀ ਤਰ੍ਹਾਂ ਠੱਪ ਹੋ ਗਿਆ ਹੈ। ਹਾਲਾਤ ਇਹ ਹਨ ਲੌਕਡਾਊਨ ਤੋਂ ਬਾਅਦ ਜਿਸ ਕਾਰ ਬਜ਼ਾਰ ਨੇ ਥੋੜੀ ਤੇਜ਼ੀ ਫੜ੍ਹੀ ਸੀ ਉਹ ਇਕ ਵਾਰ ਫਿਰ ਇਸ ਅੰਦੋਲਨ ਦੇ ਚੱਲਦਿਆਂ ਇਸ ਇਲਾਕੇ 'ਚ ਬੰਦ ਹੋ ਗਿਆ ਹੈ। ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ 1-1 ਸ਼ੋਅਰੂਮ 'ਚ ਪਿਛਲੇ ਇਕ ਹਫ਼ਤੇ ਦੌਰਾਨ ਹੀ 25 ਤੋਂ 30 ਕਾਰਾਂ ਦੀ ਵਿਕਰੀ ਦਾ ਨੁਕਸਾਨ ਹੋ ਚੁੱਕਾ ਹੈ।


ਨੁਕਸਾਨ ਸਿਰਫ਼ ਕਾਰਾਂ ਦੀ ਵਿਕਰੀ ਦਾ ਹੀ ਨਹੀਂ ਬਲਕਿ ਉਨ੍ਹਾਂ ਲੋਕਾਂ ਨੂੰ ਵੀ ਹੋਇਆ ਹੈ ਜਿੰਨ੍ਹਾਂ ਨੇ ਵਿਆਹ 'ਚ ਦੇਣ ਲਈ ਜਾਂ ਬਰਾਤ ਲਿਜਾਣ ਲਈ ਨਵੀਆਂ ਗੱਡੀਆਂ ਬੁੱਕ ਕਰਾਈਆਂ ਸਨ ਤੇ ਹੁਣ ਉਨ੍ਹਾਂ ਨੂੰ ਡਿਲੀਵਰੀ ਚਾਹੀਦੀ ਸੀ। ਕਿਸਾਨ ਅੰਦੋਲਨ ਦੇ ਚੱਲਦਿਆਂ ਸ਼ੋਅਰੂਮ ਬੰਦ ਹਨ ਤੇ ਇਸ ਵਜ੍ਹਾ ਨਾਲ ਹੁਣ ਲੋਕਾਂ ਨੂੰ ਤੈਅ ਸਮੇਂ 'ਤੇ ਗੱਡੀਆਂ ਦੀ ਡਿਲੀਵਰੀ ਨਹੀਂ ਮਿਲ ਪਾ ਰਹੀਆਂ। ਇਸ ਭਰੋਸੇ ਨਾਲ ਕਿ ਜਿਵੇਂ ਹੀ ਅੰਦੋਲਨ ਖਤਮ ਹੋਵੇਗਾ ਤੇ ਗੱਡੀਆਂ ਦੀ ਡਿਲੀਵਰੀ ਕਰਵਾ ਦਿੱਤਾ ਜਾਵੇਗੀ। ਉਦੋਂ ਤਕ ਵਿਆਹ 'ਚ ਗੱਡੀਆਂ ਦੀ ਥਾਂ ਗੱਡੀਆਂ ਦੀ ਚਾਬੀ ਦੇਕੇ ਕੰਮ ਚਲਾਓ।


ਇਸ ਦੇ ਨਾਲ ਹੀ ਕਾਰ ਸ਼ੋਅਰੂਮ 'ਚ ਕੰਮ ਕਰਨ ਵਾਲੇ ਲੋਕਾਂ ਸਾਹਮਣੇ ਵੀ ਸੰਕਟ ਖੜਾ ਹੋ ਗਿਆ ਹੈ। ਸ਼ੋਅਰੂਮ 'ਚ ਕੰਮ ਕਰਨ ਵਾਲੇ ਕਰਮਚਾਰੀਆਂ ਦਾ ਕਹਿਣਾ ਹੈ ਕਿ ਇਨ੍ਹਾਂ 'ਚ ਕਈ ਅਜਿਹੇ ਹਨ, ਜਿੰਨ੍ਹਾਂ ਦਾ ਕੰਮ ਟਾਰਗੇਟ ਪੂਰਾ ਕਰਨਾ ਹੁੰਦਾ ਹੈ ਤੇ ਜੇਕਰ ਟਾਰਗੇਟ ਪੂਰਾ ਨਹੀਂ ਹੁੰਦਾ ਤਾਂ ਉਨ੍ਹਾਂ ਦੀ ਕਮਾਈ 'ਤੇ ਵੀ ਅਸਰ ਪੈਂਦਾ ਹੈ। ਫਿਲਹਾਲ ਕਿਸਾਨ ਅੰਦੋਲਨ ਦੀ ਵਜ੍ਹਾ ਨਾਲ ਟਾਰਗੇਟ ਕਾਫੀ ਪਛੜ ਗਿਆ ਹੈ। ਹੁਣ ਇਸ ਦਾ ਸਿੱਧਾ ਅਸਰ ਸ਼ੋਅਰੂਮ 'ਚ ਕੰਮ ਕਰਨ ਵਾਲਿਆਂ ਦੀ ਕਮਾਈ 'ਤੇ ਪਵੇਗਾ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ