ਪਵਨਪ੍ਰੀਤ ਕੌਰ ਦੀ ਰਿਪੋਰਟ

ਚੰਡੀਗੜ੍ਹ: ਕਿਸਾਨੀ ਅੰਦੋਲਨ ਨੇ ਹਰਿਆਣਾ ਸਰਕਾਰ ਦੀ ਮੁਸ਼ਕਲ ਨੂੰ ਵਧਾ ਦਿੱਤਾ ਹੈ। ਜੇ ਕੇਂਦਰ ਸਰਕਾਰ ਕਿਸਾਨਾਂ ਦੀ ਮੰਗ 'ਤੇ ਕੋਈ ਫੈਸਲਾ ਨਹੀਂ ਲੈਂਦੀ ਤਾਂ ਭਾਜਪਾ ਤੇ ਜੇਜੇਪੀ ਦੀ ਦੋਸਤੀ ਟੁੱਟ ਸਕਦੀ ਹੈ। ਡਿਪਟੀ ਸੀਐਮ ਦੁਸ਼ਯੰਤ ਚੌਟਾਲਾ ਖੱਟਰ ਸਰਕਾਰ ਨਾਲੋਂ ਵੱਖ ਨਹੀਂ ਹੋਣਾ ਚਾਹੁੰਦੇ ਪਰ ਜੇਜੇਪੀ ਨੂੰ ਹਰਿਆਣਾ ਦੀਆਂ ਖਾਪਾਂ ਦਾ ਕਿਸਾਨ ਸਮਰਥਨ ਬਾਹਰ ਆਉਣ ਲਈ ਮਜਬੂਰ ਕਰ ਰਿਹਾ ਹੈ। ਇਹੀ ਕਾਰਨ ਹੈ ਕਿ ਜਨਨਾਇਕ ਜਨਤਾ ਪਾਰਟੀ 'ਤੇ ਦਬਾਅ ਵਧ ਰਿਹਾ ਹੈ।

ਦੁਸ਼ਯੰਤ ਚੌਟਾਲਾ ਪਹਿਲਾਂ ਇਹ ਕਹਿ ਰਹੇ ਸੀ ਕਿ ਐਮਐਸਪੀ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਬਣੇ ਰਹਿਣਗੇ ਨਹੀਂ ਤਾਂ ਉਹ ਰਾਜਨੀਤੀ ਛੱਡ ਦੇਣਗੇ, ਪਰ ਹੁਣ ਉਨ੍ਹਾਂ ਦੇ ਪਿਤਾ ਅਜੇ ਚੌਟਾਲਾ ਤੇ ਵਿਧਾਇਕ ਖੁੱਲ੍ਹ ਕੇ ਕਹਿ ਰਹੇ ਹਨ ਕਿ ਕਿਸਾਨਾਂ ਦੀ ਮੰਗ ਜਾਇਜ਼ ਹੈ ਤੇ ਜੇ ਐਮਐਸਪੀ ਰਹਿਣ ਵਾਲੀ ਹੈ, ਤਾਂ ਫਿਰ ਕੇਂਦਰ ਨੂੰ ਲਿਖਤੀ ਰੂਪ ਵਿੱਚ ਦੇਣ 'ਚ ਕੀ ਨੁਕਸਾਨ ਹੈ? ਹਰਿਆਣਾ ਦੀ ਖੱਟਰ ਸਰਕਾਰ ਹੁਣ ਤੱਕ ਕਿਸਾਨ ਅੰਦੋਲਨ ਨੂੰ ਪੰਜਾਬ ਦੇ ਮੁੱਖ ਮੰਤਰੀ ਦੇ ਕਹਿਣ ‘ਤੇ ਛੇੜੀ ਗਈ ਲਹਿਰ ਦੱਸ ਰਹੀ ਹੈ, ਪਰ ਬੁੱਧਵਾਰ ਨੂੰ ਚੰਡੀਗੜ੍ਹ ਵਿੱਚ ਸੀਐਮ ਮਨੋਹਰ ਲਾਲ ਖੱਟਰ ਦੇ ਘਰ ਦਾ ਘਿਰਾਓ ਕਰਨ ਜਾ ਰਹੇ ਯੂਥ ਕਾਂਗਰਸ ਦੇ ਵਰਕਰਾਂ 'ਤੇ ਪੁਲਿਸ ਨੇ ਕਾਰਵਾਈ ਕੀਤੀ।

ਕਿਸਾਨ ਅੰਦੋਲਨ ਬਦਲੇਗਾ ਪੰਜਾਬ ਦੀ ਸਿਆਸਤ, ਕੈਪਟਨ ਵੱਲੋਂ ਹੀਰੋ ਬਣਨ ਦੀ ਕੋਸ਼ਿਸ਼, ਅਕਾਲੀ ਦਲ ਲਈ ਨਵੀਂ ਵੰਗਾਰ

ਇਸ ਤੋਂ ਚੌਟਾਲਾ ਦੀ ਪਾਰਟੀ ਜੇਜੇਪੀ ਸਮਝ ਗਈ ਕਿ ਕਿਸਾਨੀ ਲਹਿਰ ਹਰਿਆਣਾ ਦੇ ਪਿੰਡਾਂ ਵਿੱਚ ਫੈਲ ਗਈ ਹੈ। ਹਰਿਆਣਾ ਦੇ ਖਾਪਾਂ ਨੇ ਪਿੰਡ-ਪਿੰਡ ਜਾ ਕੇ ਤੇ ਹਰ ਵਿਧਾਇਕ ਦੇ ਕੋਲ ਜਾ ਕੇ ਖੱਟਰ ਸਰਕਾਰ ਵਿਰੁੱਧ ਮਾਹੌਲ ਬਣਾਉਣ ਦਾ ਜ਼ਿੰਮਾ ਚੁੱਕਿਆ ਹੈ। ਹਰਿਆਣਾ ਦੇ ਕਿਸਾਨ ਤੇ ਖਾਪ ਹਰਿਆਣਾ ਦੀ ਰਾਜਨੀਤਕ ਸਥਿਤੀ ਤੇ ਦਿਸ਼ਾ ਨਿਰਧਾਰਤ ਕਰਨ ਲਈ ਇਕੱਠੇ ਖੜ੍ਹੇ ਹਨ। ਕਿਸਾਨਾਂ ਦੇ ਮੁੱਦੇ 'ਤੇ ਕਾਂਗਰਸ ਪਾਰਟੀ ਸੀਐਮ ਖੱਟਰ ਦੇ ਘਰ ਦਾ ਘਿਰਾਓ ਕਰ ਰਹੀ ਹੈ ਤੇ ਸੁਤੰਤਰ ਵਿਧਾਇਕ ਅਹੁਦਾ ਛੱਡ ਰਹੇ ਹਨ, ਇਸ ਲਈ ਜੇਜੇਪੀ ਧਰਮ ਸੰਕਟ ਵਿੱਚ ਫਸ ਗਈ ਹੈ। ਦੁਸ਼ਯੰਤ ਸੱਤਾ ਤੋਂ ਤਿਆਗ ਨਹੀਂ ਕਰਨਾ ਚਾਹੁੰਦੇ ਪਰ ਕਿਸਾਨ ਤੇ ਖਾਪ ਉਨ੍ਹਾਂ ਨੂੰ ਸੱਤਾ ਤੋਂ ਹਟਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੇ।

ਪੰਜਾਬ ਦਾ ਕ੍ਰਾਂਤੀਕਾਰੀ ਪਿੰਡ! ਘਰਾਂ ਨੂੰ ਤਾਲੇ ਲਾ ਪੂਰਾ ਪਿੰਡ ਹੀ ਕਿਸਾਨ ਅੰਦੋਲਨ 'ਚ ਡਟਿਆ

ਐਨਡੀਏ ਛੱਡਣ ਤੋਂ ਬਾਅਦ ਹੀ ਸ਼੍ਰੋਮਣੀ ਅਕਾਲੀ ਦਲ ਨੇ ਦੁਸ਼ਯੰਤ ਚੌਟਾਲਾ ਨੂੰ ਇਹ ਸਲਾਹ ਦਿੱਤੀ ਸੀ ਕਿ ਉਨ੍ਹਾਂ ਨੂੰ ਕਿਸਾਨਾਂ ਲਈ ਸਰਕਾਰ ਤੋਂ ਬਾਹਰ ਆਉਣਾ ਚਾਹੀਦਾ ਹੈ, ਨਹੀਂ ਤਾਂ ਉਨ੍ਹਾਂ ਦਾ ਪਿੰਡਾਂ 'ਚ ਜਾਣਾ ਵੀ ਮੁਸ਼ਕਲ ਹੋ ਜਾਵੇਗਾ। ਹਰਿਆਣਾ ਦੇ ਕਿਸਾਨ ਦਿੱਲੀ ਦੀ ਸਰਹੱਦ 'ਤੇ ਪਹੁੰਚ ਗਏ ਹਨ ਅਤੇ ਖਾਪਾਂ ਨੇ ਕਿਸਾਨਾਂ ਨੂੰ ਖੁੱਲਾ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਯਾਨੀ ਕਿ ਹੁਣ ਇਹ ਅੰਦੋਲਨ ਜਿੰਨਾ ਪੰਜਾਬ ਦਾ ਹੈ ਉੰਨਾ ਹੀ ਹਰਿਆਣਾ ਦਾ ਵੀ ਹੈ। ਜੇ ਜੇਜੇਪੀ ਕਿਸਾਨਾਂ ਦੇ ਸਮਰਥਨ 'ਚ ਆ ਜਾਂਦੀ ਹੈ ਤਾਂ ਹਰਿਆਣਾ ਦੀ ਖੱਟਰ ਸਰਕਾਰ ਨਾ ਸਿਰਫ ਮੁਸੀਬਤ 'ਚ ਆਵੇਗੀ, ਬਲਕਿ ਡਿੱਗ ਵੀ ਸਕਦੀ ਹੈ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ