ਚੰਡੀਗੜ੍ਹ: ਕਿਸਾਨ ਅੰਦੋਲਨ ਦਾ ਹਿੱਸਾ ਬਣੇ ਇੱਕ ਮਕੈਨਿਕ ਦੀ ਬੀਤੇ ਦਿਨੀਂ ਅੱਗ ਲੱਗਣ ਕਾਰਨ ਮੌਤ ਹੋ ਗਈ। ਇਸ ਦਾ ਨਾਂ ਜਨਕ ਰਾਜਸੀ ਜੋ ਧਨੌਲਾ ਦਾ ਰਹੇਂ ਵਾਲਾ ਸੀ। ਉਸ ਦੇ ਪਰਿਵਾਰ ਦੀ ਮਦਦ ਕਰਨ ਲਈ ਆਮ ਆਦਮੀ ਪਾਰਟੀ ਵੱਲੋਂ ਸੋਮਵਾਰ ਨੂੰ ਸੋਸ਼ਲ ਮੀਡੀਆ 'ਤੇ ਫ਼ੰਡ ਇਕੱਠਾ ਕਰਨ ਲਈ ਇੱਕ ਮੁਹਿੰਮ ਚਲਾਈ ਗਈ ਸੀ। ਇਸ ਮੁਹਿੰਮ ਦੇ ਸ਼ੁਰੂ ਹੋਣ ਤੋਂ 72 ਘੰਟਿਆਂ ਅੰਦਰ ਦੁਪਹਿਰ ਬੁੱਧਵਾਰ ਤੱਕ 9 ਲੱਖ ਰੁਪਏ ਇਕੱਠੇ ਹੋਏ।


ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰ ਦੀ ਆਗੂ ਸਰਬਜੀਤ ਕੌਰ ਮਾਣੂੰਕੇ ਅਤੇ ਯੂਥ ਵਿੰਗ ਦੀ ਸਹਿ-ਪ੍ਰਧਾਨ ਅਨਮੋਲ ਗਗਨ ਮਾਨ ਨੇ ਦੱਸਿਆ ਕਿ ਇਸ ਮੁਹਿੰਮ 'ਚ ਦਿੱਲੀ-ਪੰਜਾਬ ਤੋਂ ਲੈ ਕੇ 'ਆਪ' ਨਾਲ ਜੁੜੇ ਹੋਏ ਐਨਆਰਆਈਜ਼ ਨੇ ਦਿਲ ਖੋਲ੍ਹ ਕੇ ਮਦਦ ਕੀਤੀ ਹੈ। 'ਆਪ' ਆਗੂਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਅੰਦੋਲਨਕਾਰੀ ਕਿਸਾਨਾਂ ਦੀ ਤਨ, ਮਨ ਤੇ ਧਨ ਨਾਲ ਮਦਦ ਕਰ ਰਹੀ ਹੈ।




ਅਨਮੋਲ ਗਗਨ ਮਾਨ ਨੇ ਦੱਸਿਆ ਕਿ ਕੇਂਦਰ ਵੱਲੋਂ ਬਣਾਏ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਕਿਸਾਨ ਸੰਘਰਸ਼ ਦੌਰਾਨ ਸ਼ਨੀਵਾਰ ਦੀ ਰਾਤ ਨੂੰ ਬਹਾਦਰਗੜ੍ਹ-ਦਿੱਲੀ ਹੱਦ ਦੇ ਨੇੜੇ ਟਿਕਰੀ ਵਿਖੇ ਕਾਰ ਨੂੰ ਅੱਗ ਲੱਗਣ ਕਾਰਨ ਮਕੈਨਿਕ ਜਨਕ ਰਾਜ ਦੀ ਮੌਤ ਹੋਈ ਸੀ। ਜਨਕ ਰਾਜ ਸੰਘਰਸ਼ ਦੌਰਾਨ ਕਿਸਾਨਾਂ ਦੇ ਟਰੈਕਟਰਾਂ ਅਤੇ ਹੋਰ ਵਾਹਨਾਂ ਦੀ ਮੁਫ਼ਤ ਮੁਰੰਮਤ ਕਰਨ ਲਈ ਗਿਆ ਹੋਇਆ ਸੀ।




ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਰੱਬ ਅੱਗੇ ਇਹ ਅਰਦਾਸ ਕਰਦੀ ਹੈ ਕਿ ਬਿਨਾਂ ਕਿਸੇ ਜਾਨੀ-ਮਾਲੀ ਨੁਕਸਾਨ ਦੇ ਕਿਸਾਨ ਸੰਘਰਸ਼ ਦੀ ਜਿੱਤ ਹੋਵੇ,ਪਰ ਕੇਂਦਰ ਸਰਕਾਰ ਦੇ ਅੜੀਅਲ ਵਤੀਰੇ ਕਰਕੇ ਕੋਈ ਅਣਹੋਣੀ ਵਾਪਰਦੀ ਹੈ ਤਾਂ 'ਆਪ' ਅੰਦੋਲਨਕਾਰੀ ਕਿਸਾਨਾਂ ਦੇ ਹਰ ਦੁੱਖ ਵਿਚ ਨਾਲ ਖੜ੍ਹੇਗੀ।