ਮੁਹਾਲੀ: ਖੇਤੀਬਾੜੀ ਕਾਨੂੰਨ ਵਿਰੁੱਧ ਕਿਸਾਨਾਂ ਦੇ ਅੰਦੋਲਨ ਨੂੰ ਭਰਵਾਂ ਸਮਰਥਨ ਮਿਲ ਰਿਹਾ ਹੈ। ਪੰਜਾਬ ਤੋਂ ਵੱਡੀ ਗਿਣਤੀ 'ਚ ਲੋਕ ਦਿੱਲੀ ਪਹੁੰਚੇ ਹੋਏ ਹਨ। ਪੰਜਾਬ ਦਾ ਇੱਕ ਪਿੰਡ ਅਜਿਹਾ ਵੀ ਜੋ ਸਾਰਾ ਹੀ ਅੰਦੋਲਨ 'ਚ ਗਿਆ ਹੋਇਆ ਹੈ। ਪੰਜਾਬ ਦੇ ਮੁਹਾਲੀ ਜ਼ਿਲ੍ਹੇ ਦੇ ਰਾਏਪੁਰ ਖੁਰਦ ਪਿੰਡ ਦੀ ਅਬਾਦੀ ਲਗਪਗ 8 ਹਜ਼ਾਰ ਹੈ ਪਰ ਇਨ੍ਹਾਂ ਦਿਨਾਂ ਵਿੱਚ ਪੂਰੇ ਪਿੰਡ ਵਿੱਚ ਚੁੱਪ ਪੱਸਰੀ ਹੈ। ਘਰਾਂ ਅੱਗੇ ਤਾਲੇ ਲਟਕ ਰਹੇ ਹਨ, ਕਿਉਂਕਿ ਇੱਥੋਂ ਦੇ ਬਹੁਤੇ ਕਿਸਾਨ ਦਿੱਲੀ 'ਚ ਅੰਦੋਲਨ ਕਰ ਰਹੇ ਹਨ।
ਪਿੰਡ ਦੇ ਕਿਸਾਨ ਦਿੱਲੀ ਚਲੇ ਜਾਣ ਕਾਰਨ ਫਸਲਾਂ ਸੁੱਕ ਰਹੀਆਂ ਹਨ, ਕਿਉਂਕਿ ਇੱਥੇ ਕਣਕ ਦੀ ਫਸਲ ਨੂੰ ਪਾਣੀ ਦੇਣ ਵਾਲਾ ਕੋਈ ਨਹੀਂ। ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਫਸਲਾਂ ਪੈਦਾ ਕਰਨ ਨਾਲ ਕੋਈ ਫਾਇਦਾ ਨਹੀਂ ਹੋਏਗਾ ਤਾਂ ਫਿਰ ਇੱਥੇ ਰੁਕਣ ਦਾ ਕੀ ਫਾਇਦਾ ਹੈ। ਕਿਸਾਨਾਂ ਦਾ ਤਰਕ ਹੈ ਕਿ ਉਹ ਇਥੇ ਲੰਬੀ ਲੜਾਈ ਲਈ ਆਏ ਹਨ ਤੇ ਕਾਨੂੰਨ ਵਾਪਸ ਨਾ ਆਉਣ ਤੱਕ ਵਾਪਸ ਨਹੀਂ ਜਾਣਗੇ। ਕਿਸਾਨ ਆਪਣੇ ਨਾਲ ਤਿੰਨ ਤੋਂ ਚਾਰ ਮਹੀਨਿਆਂ ਦਾ ਰਾਸ਼ਨ ਲੈ ਕੇ ਆਏ ਹਨ, ਉਹ ਰਹਿਣ ਲਈ ਕੰਬਲ, ਝੌਂਪੜੀ ਤੇ ਹੋਰ ਚੀਜ਼ਾਂ ਵੀ ਲੈ ਕੇ ਆਏ ਹਨ।
ਇਸ ਤੋਂ ਇਲਾਵਾ ਕਿਸਾਨਾਂ ਦੇ ਇਸ ਅੰਦੋਲਨ ਨੂੰ ਹਰਿਆਣਾ 'ਚ ਖਾਪ ਪੰਚਾਇਤਾਂ ਦਾ ਖੁੱਲ੍ਹਾ ਸਮਰਥਨ ਮਿਲਿਆ ਹੈ। ਜੀਂਦ ਦੀ ਖਾਪ ਮਹਾਪੰਚਾਇਤ ਵਿਖੇ ਫੈਸਲਾ ਲਿਆ ਗਿਆ ਕਿ ਉਹ ਕਿਸਾਨ ਅੰਦੋਲਨ ਦਾ ਸਮਰਥਨ ਕਰਨਗੇ। ਹਰਿਆਣਾ 'ਚ ਤਕਰੀਬਨ 40 ਖਾਪ ਪੰਚਾਇਤਾਂ ਹਨ ਜਿਨ੍ਹਾਂ ਨੇ ਖੁੱਲ੍ਹੇਆਮ ਖੇਤੀਬਾੜੀ ਕਾਨੂੰਨ ਦਾ ਵਿਰੋਧ ਕੀਤਾ ਤੇ ਸਰਕਾਰ ਵਿਰੁੱਧ ਲਹਿਰ ਦਾ ਸਮਰਥਨ ਕੀਤਾ।