ਚੰਡੀਗੜ੍ਹ: ਹਰਿਆਣਾ ਰੋਡਵੇਜ਼ ਦੀਆਂ ਬੱਸਾਂ ਦੀ ਹੜਤਾਲ ਕਾਰਨ ਦੋ ਦਿਨਾਂ ਵਿੱਚ ਰੋਡਵੇਜ਼ ਨੂੰ ਕਰੋੜਾਂ ਦਾ ਨੁਕਸਾਨ ਹੋਇਆ ਹੈ। ਡਰਾਈਵਰਾਂ ਤੇ ਕੰਡਕਟਰਾਂ ਨੇ ਹੜਤਾਲ ਵਿੱਚ ਹਿੱਸਾ ਲੈ ਕੇ ਸਰਕਾਰ ਵਿਰੁੱਧ ਮੋਰਚਾ ਖੋਲ੍ਹਿਆ ਹੈ। ਧਰਨੇ 'ਤੇ ਬੈਠੇ ਰੋਡਵੇਜ਼ ਦੇ ਮੁਲਜ਼ਮਾਂ ਨੇ 18 ਤੇ 19 ਅਕਤੂਬਰ ਨੂੰ ਵੀ ਹੜਤਾਲ ਜਾਰੀ ਰੱਖਣ ਦਾ ਐਲਾਨ ਕਰ ਦਿੱਤਾ ਹੈ। ਸਰਕਾਰ ਤੇ ਰੋਡਵੇਜ਼ ਮੁਲਾਜ਼ਮਾਂ ਦੇ ਇਸ ਘੋਲ ਵਿੱਚ ਆਮ ਲੋਕ ਪਿਸ ਰਹੇ ਹਨ।

52 ਮੁਲਾਜ਼ਮ ਬਰਖ਼ਾਸਤ, ਕਈਆਂ ਖ਼ਿਲਾਫ਼ ਐਫਆਈਆਰ

ਰੋਡਵੇਜ਼ ਜੀਐਮ ਅਸ਼ਵਨੀ ਡੋਗਰਾ ਨੇ ਦੱਸਿਆ ਕਿ ਆਊਟਸੋਰਸੰਗ ਪਾਲਿਸੀ ਪਾਰਟ 2 ਤਹਿਤ ਲੱਗੇ 12 ਮੁਲਾਜ਼ਮਾਂ ਤੇ ਨਵੀਂ ਭਰਤੀ 2018 ਤਹਿਤ ਲੱਗੇ ਕਰੀਬ 52 ਮੁਲਾਜ਼ਮਾਂ ਨੂੰ ਬਰਖ਼ਾਸਤ ਕਰਨ ਦੇ ਆਰਡਰ ਜਾਰੀ ਕਰ ਦਿੱਤੇ ਹਨ। ਕਈਆਂ ਖ਼ਿਲਾਫ਼ FIR ਵੀ ਦਰਜ ਕਰਾਈ ਗਈ ਹੈ। ਬੱਸ ਸਟੈਂਡ ਵਿੱਚੋਂ ਪ੍ਰਾਈਵੇਟ ਬੱਸਾਂ ਦੇ ਚੱਲਣ ਲਈ ਸਰਕਾਰੀ ਬੱਸਾਂ ਨੂੰ ਵਰਕਸ਼ਾਪ ਅੰਦਰ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਬੱਸ ਸਟੈਂਡ ਦੇ ਅੰਦਰ ਬਾਹਰ ਪੁਲਿਸ ਤਾਇਨਾਤ ਕੀਤੀ ਗਈ ਹੈ।