ਚੰਡੀਗੜ੍ਹ: ਨੌਂ ਸੂਬਿਆਂ ਵਿੱਚ ਅੱਜ ਰਾਤ 12 ਵਜੇ ਤੋਂ ਬਾਅਦ ਰੋਡਵੇਜ਼ ਬੱਸਾਂ ਦੀ ਸੇਵਾ ਬੰਦ ਹੋ ਜਾਏਗੀ ਕਿਉਂਕਿ ਕਿਲੋਮੀਟਰ ਸਕੀਮ ਤਹਿਤ 720 ਬੱਸਾਂ ਠੇਕੇ ’ਤੇ ਲੈਣ ਦੇ ਵਿਰੋਧ ਵਿੱਚ ਬੱਸ ਮੁਲਾਜ਼ਮ ਅਣਮਿੱਥੇ ਸਮੇਂ ਦੀ ਹੜਤਾਲ ਕਰ ਰਹੇ ਹਨ। ਹਰਿਆਣਾ ਰੋਡਵੇਜ਼ ਵਰਕਰਜ਼ ਜੁਆਇੰਟ ਐਕਸ਼ਨ ਕਮੇਟੀ ਤੇ ਹਰਿਆਣਾ ਰੋਡਵੇਜ਼ ਮੁਲਾਜ਼ਮ ਸੰਯੁਕਤ ਸੰਘਰਸ਼ ਕਮੇਟੀ ਨੇ ਐਸਮਾ ਤੋੜਨ ਦਾ ਐਲਾਨ ਕਰ ਦਿੱਤਾ ਹੈ। ਹੜਤਾਲ ’ਤੇ 6 ਮਹੀਨਿਆਂ ਦੇ ਲਾਏ ਐਸਮਾ ਦੇ ਬਾਵਜੂਦ ਮੁਲਾਜ਼ਮ 5 ਸਤੰਬਰ ਤੋਂ ਚੱਕਾ ਜਾਮ ਕਰ ਰਹੇ ਹਨ।

ਚਾਰ ਸਤੰਬਰ ਰਾਤ 12 ਵਜੇ ਤੋਂ ਚੰਡੀਗੜ੍ਹ, ਦਿੱਲੀ, ਰਾਜਸਥਾਨ, ਉਤਰ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਪੰਜਾਬ, ਜੰਮੂ, ਹਰਿਆਣਾ ਤੇ ਉਤਰਾਖੰਡ ਵਿੱਚ ਬੱਸਾਂ ਨਹੀਂ ਚੱਲਣਗੀਆਂ। ਬਾਰਾਂ ਵਜੇ ਤੋਂ ਪਹਿਲਾਂ ਰੂਟ ’ਤੇ ਗਈਆਂ ਬੱਸਾਂ ਹੀ ਚੱਲਣਗੀਆਂ ਤੇ ਟਿਕਾਣੇ ’ਤੇ ਪਹੁੰਚ ਕੇ ਖੜ੍ਹੀਆਂ ਹੋ ਜਾਣਗੀਆਂ। ਰੋਡਵੇਜ ਬੇੜੇ ਵਿੱਚ ਸ਼ਾਮਲ 4200 ਬੱਸਾਂ ਵਿੱਚੋਂ ਇੱਕ ਵੀ ਬੱਸ ਨਹੀਂ ਚਲਾਈ ਜਾਏਗੀ।

ਜੇ ਮੁਲਾਜ਼ਮ ਐਸਮਾ ਤੋੜਦੇ ਹਨ ਤਾਂ ਸਰਕਾਰ ਉਨ੍ਹਾਂ ਦੀਆਂ ਸੇਵਾਵਾਂ ਖ਼ਤਮ ਕਰਨ ਦੇ ਨੋਟਿਸ ਵੀ ਜਾਰੀ ਕਰ ਸਕਦੀ ਹੈ। ਜੇ ਇਹ ਹੜਤਾਲ ਬੇਮਿਆਦੀ ਰਹੀ ਤਾਂ ਆਵਾਜਾਈ ਠੱਪ ਹੋਣ ਦੇ ਨਾਲ-ਨਾਲ ਸਰਕਾਰੀ ਖ਼ਜ਼ਾਨੇ ਨੂੰ ਵੀ ਭਾਰੀ ਨੁਕਸਾਨ ਪੁੱਜੇਗਾ।