ਸੀਡਬਲਿਊਸੀ ਦੀ ਬੈਠਕ ਵਿੱਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ, ਉਨ੍ਹਾਂ ਦੇ ਮਾਤਾ ਤੇ ਯੂਪੀਏ ਗਠਜੋੜ ਦੀ ਚੇਅਰਪਰਸਨ ਸੋਨੀਆ ਗਾਂਧੀ, ਪਾਰਟੀ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਦੇ ਨਾਲ-ਨਾਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਹੋਰ ਸੀਨੀਅਰ ਨੇਤਾ ਵੀ ਪਹੁੰਚੇ ਹਨ। ਚਰਚਾਵਾਂ ਹਨ ਕਿ ਰਾਹੁਲ ਗਾਂਧੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਸਕਦੇ ਹਨ। ਬਤੌਰ ਪ੍ਰਧਾਨ ਕਾਂਗਰਸ ਪਾਰਟੀ ਦਾ ਪ੍ਰਦਰਸ਼ਨ ਕੁਝ ਖ਼ਾਸ ਨਹੀਂ ਰਿਹਾ ਅਤੇ ਇਸ ਵਾਰ ਤਾਂ ਰਾਹੁਲ ਨੇ ਗਾਂਧੀ ਪਰਿਵਾਰ ਦੀ ਜੱਦੀ ਸੀਟ ਅਮੇਠੀ ਵੀ ਗੁਆ ਦਿੱਤੀ। ਇਸ ਲਈ ਉਨ੍ਹਾਂ ਵੱਲੋਂ ਖ਼ੁਦ ਹੀ ਪ੍ਰਧਾਨਗੀ ਛੱਡਣ ਦੀ ਪੇਸ਼ਕਸ਼ ਕਰਨ ਦੀਆਂ ਖ਼ਬਰਾਂ ਵੀ ਆਈਆਂ ਸਨ।
ਸ਼ਨੀਵਾਰ ਸਵੇਰ ਤੋਂ ਹੀ ਟਵਿੱਟਰ 'ਤੇ #CongBachaoRahulHatao ਦੇ ਨਾਂਅ ਨਾਲ ਹੈਸ਼ਟੈਗ ਟ੍ਰੈਂਡਿੰਗ ਵਿੱਚ ਵੀ ਹੈ। ਪਾਰਟੀ ਦੇ ਸੀਨੀਅਰ ਨੇਤਾ ਹੁਣ ਚੋਣਾਂ ਵਿੱਚ ਹਾਰ ਦੇ ਕਾਰਨਾਂ ਦੀ ਸਮੀਖਿਆ ਕਰਨਗੇ। ਅਤੇ ਇਸੇ ਦੌਰਾਨ ਇਹ ਵੀ ਸਾਹਮਣੇ ਆਵੇਗਾ ਕਿ ਕਾਂਗਰਸ ਦੀ ਅਗਵਾਈ ਹੁਣ ਕੌਣ ਕਰੇਗਾ। ਕੀ ਰਾਹੁਲ ਗਾਂਧੀ ਆਪਣੇ ਹੱਥ ਵਿੱਚ ਹੀ ਕਾਂਗਰਸ ਦੀ ਕਮਾਨ ਰੱਖਦੇ ਹਨ ਜਾਂ ਕਿਸੇ ਹੋਰ ਨੂੰ ਕਾਂਗਰਸ ਦਾ ਪ੍ਰਧਾਨ ਲਾਇਆ ਜਾਂਦਾ ਹੈ, ਇਹ ਵੱਡਾ ਸਵਾਲ ਹੈ।