ਸਿਰਸਾ: ਬਲਾਤਕਾਰ ਦੇ ਦੋਸ਼ ਵਿੱਚ 20 ਸਾਲ ਦੀ ਕੈਦ ਕੱਟ ਰਹੇ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਵਿਰੁੱਧ ਜਾਰੀ ਪੱਤਰਕਾਰ ਛੱਤਰਪਤੀ ਕਤਲ ਮਾਮਲੇ ਵਿੱਚ ਅਦਾਲਤ ਦਾ ਫੈਸਲਾ ਭਲਕੇ ਆਵੇਗਾ। ਸਾਲ 2017 ਵਿੱਚ ਬਲਾਤਕਾਰ ਕੇਸ ਵਿੱਚ ਦੋਸ਼ੀ ਐਲਾਨੇ ਜਾਣ ਮਗਰੋਂ ਰਾਮ ਰਹੀਮ ਦੇ ਪੈਰੋਕਾਰਾਂ ਨੇ ਕਾਫੀ ਹਿੰਸਾ ਕੀਤੀ ਸੀ, ਜਿਸ ਨੂੰ ਧਿਆਨ 'ਚ ਰੱਖਦਿਆਂ ਪੁਲਿਸ ਹੁਣ ਸਮੇਂ ਸਿਰ ਚੌਕਸ ਹੋ ਗਈ ਹੈ। ਰਾਮ ਰਹੀਮ ਦੇ ਗੜ੍ਹ ਯਾਨੀ ਸਿਰਸਾ ਸ਼ਹਿਰ ਦੀ ਸੁਰੱਖਿਆ ਨੂੰ ਖ਼ਾਸ ਤੌਰ 'ਤੇ ਸਖ਼ਤ ਕੀਤਾ ਗਿਆ ਹੈ।


ਪੁਲਿਸ ਨੇ ਸਿਰਸਾ ਵਿੱਚ ਹਾਈ ਐਲਰਟ ਦੇ ਦੇ ਨਾਲ ਨਾਲ ਹੋਰਨਾਂ ਜ਼ਿਲ੍ਹਿਆਂ ਤੋਂ ਪੁਲਿਸ ਮੁਲਾਜ਼ਮਾਂ ਦੀਆਂ 12 ਕੰਪਨੀਆਂ ਨੂੰ ਸ਼ਹਿਰ ਵਿੱਚ ਤਾਇਨਾਤ ਕੀਤਾ ਹੈ। ਤਕਰੀਬਨ 1500 ਪੁਲਿਸ ਮੁਲਾਜ਼ਮ ਸ਼ਹਿਰ ਵਿੱਚ ਤਾਇਨਾਤ ਕੀਤੇ ਗਏ ਹਨ। ਇਸ ਤੋਂ ਇਲਾਵਾ ਸ਼ਹਿਰ ਦੇ ਵੀਟਾ ਮਿਲਕ ਪਲਾਂਟ, ਸ਼ਾਹਪੁਰ ਬੇਗੂ ਦਾ ਬਿਜਲੀ ਘਰ ਤੇ ਡੇਰੇ ਦੇ ਸਕੂਲ-ਕਾਲਜ ਆਦਿ ਬੰਦ ਰੱਖਣ ਦੇ ਹੁਕਮ ਹਨ।

ਡੇਰੇ ਦੇ ਹਸਪਤਾਲ ਵਿੱਚ ਕਿਸੇ ਵੀ ਗੰਭੀਰ ਮਰੀਜ਼ ਨੂੰ ਨਾ ਰੱਖਣ ਦੇ ਹੁਕਮ ਦਿੱਤੇ ਗਏ ਹਨ ਤੇ ਡੇਰੇ ਵਿੱਚ ਹੋਰ ਸੰਗਤ ਦੀ ਆਮਦ 'ਤੇ ਰੋਕ ਲਾਈ ਗਈ ਹੈ। ਸੂਤਰਾਂ ਮੁਤਾਬਕ ਇਸ ਸਮੇਂ ਤਕਰੀਬਨ 1000 ਜਣੇ ਡੇਰੇ ਦੇ ਅੰਦਰ ਮੌਜੂਦ ਹਨ ਤੇ ਪੁਲਿਸ ਡੇਰੇ ਆਉਣ-ਜਾਣ ਵਾਲਿਆਂ ਦੀ ਵੀਡੀਓਗ੍ਰਾਫੀ ਕਰ ਰਹੀ ਹੈ।

ਸਿਰਸਾ ਦੇ ਡੀਐਸਪੀ ਰਵਿੰਦਰ ਤੋਮਰ ਨੇ ਦੱਸਿਆ ਕਿ ਪੰਜਾਬ ਤੇ ਰਾਜਸਥਾਨ ਦੀਆਂ ਹੱਦਾਂ 'ਤੇ ਪੁਲਿਸ ਵੱਲੋਂ ਖ਼ਾਸ ਚੌਕਸੀ ਵਰਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪਿਛਲੀ ਵਾਰ ਜਿੱਥੇ ਹਿੰਸਕ ਵਾਰਦਾਤਾਂ ਹੋਈਆਂ ਸਨ ਉਨ੍ਹਾਂ ਥਾਵਾਂ ਨੂੰ ਬੰਦ ਰੱਖਿਆ ਜਾ ਰਿਹਾ ਹੈ। ਸ਼ਹਿਰ ਵਿੱਚ 14 ਥਾਵਾਂ 'ਤੇ ਨਾਕੇਬੰਦੀ ਕੀਤੀ ਗਈ ਹੈ ਪਰ ਪੁਲਿਸ ਕਈ ਥਾਵਾਂ 'ਤੇ ਸ਼ਰਾਰਤੀ ਅਨਸਰਾਂ 'ਤੇ ਨਿਗ੍ਹਾ ਰੱਖ ਰਹੀ ਹੈ।