ਨਵੀਂ ਦਿੱਲੀ: ਕੇਰਲ ਸਮੇਤ ਦੱਖਣੀ ਭਾਰਤ ਦੇ ਜ਼ਿਆਦਾਤਰ ਹਿੱਸਿਆ 'ਚ ਬਾਰਸ਼ ਰੁਕਣ ਤੋਂ ਬਾਅਦ ਹੁਣ ਉੱਤਰੀ ਤੇ ਪੱਛਮੀ ਭਾਰਤ 'ਚ ਬਾਰਸ਼ ਦਾ ਕਹਿਰ ਜਾਰੀ ਹੈ। ਦੇਸ਼ ਦੇ ਤਿੰਨ ਵੱਡੇ ਸੂਬੇ ਮੱਧ ਪ੍ਰਦੇਸ਼ , ਰਾਜਸਥਾਨ ਤੇ ਯੂਪੀ 'ਚ ਲਾਗਾਤਾਰ ਹੋ ਰਹੀ ਬਾਰਸ਼ ਨੇ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ।


ਰਾਜਸਥਾਨ ਦੇ ਝਾਲਾਵਾੜ 'ਚ ਆਹੂ ਤੇ ਪਰਵਨ ਨਦੀ ਚ ਪਾਣੀ ਦਾ ਪੱਧਰ ਕਾਬੂ ਤੋਂ ਬਾਹਰ ਹੋਣ ਦੀ ਵਜ੍ਹਾ ਨਾਲ ਇਕ ਦਰਜਨ ਪਿੰਡਾਂ ਦਾ ਸੰਪਰਕ ਆਪਸ 'ਚ ਟੁੱਟ ਗਿਆ ਹੈ। ਮੱਧ ਪ੍ਰਦੇਸ਼ 'ਚ ਬਾਰਸ਼ ਦੀ ਵਜ੍ਹਾ ਨਾਲ ਚੰਬਲ ਨਦੀ 'ਚ ਪਾਣੀ ਦਾ ਪੱਧਰ ਤੇਜ਼ੀ ਨਾਲ ਵਧ ਰਿਹਾ ਹੈ। ਨਦੀ ਦੇ ਦੀ ਪਾਣੀ 'ਚ ਨਾਗਦਾ ਦਾ ਚਾਮੁੰਡਾ ਮੰਦਰ ਪੂਰੀ ਤਰ੍ਹਾਂ ਪਾਣੀ 'ਚ ਡੁੱਬ ਚੁੱਕਾ ਹੈ।


ਓਧਰ ਯੂਪੀ ਦੇ ਲਖੀਮਪੁਰ ਖੀਰੀ 'ਚ ਸ਼ਾਰਦਾ ਨਦੀ ਵੀ ਪੂਰੇ ਜੋਬਨ 'ਤੇ ਹੈ। ਨਦੀ ਦੇ ਤੇਜ਼ ਵਹਾਅ ਨਾਲ ਧੌਰਹਰਾ 'ਚ ਸੜਕ ਦੋ ਹਿੱਸਿਆਂ 'ਚ ਵੰਡੀ ਗਈ ਹੈ ਜਿਸ ਨਾਲ ਆਵਜਾਈ ਠੱਪ ਹੋ ਗਈ ਹੈ। ਨੇੜਲੇ ਪਿੰਡਾਂ 'ਚ ਸਹਿਮ ਹੈ ਪਾਣੀ ਕਿਸੇ ਵੇਲੇ ਵੀ ਪਿੰਡਾਂ 'ਚ ਦਾਖਲ ਹੋ ਸਕਦਾ ਹੈ।


ਮੌਸਮ ਵਿਭਾਗ ਮੁਤਾਬਕ ਅੱਜ ਪੱਛਮੀ ਮੱਧ ਪ੍ਰਦੇਸ਼ ਦੇ ਮੰਦਸੌਰ, ਧਾਰ ਤੇ ਦੇਵਾਸ 'ਚ ਭਾਰੀ ਬਾਰਸ਼ ਹੋ ਸਕਦੀ ਹੈ। ਦੂਜੇ ਪਾਸੇ ਯੂਪੀ 'ਚ ਵੀ ਭਾਰੀ ਬਾਰਸ਼ ਦੀ ਚੇਤਾਵਨੀ ਹੈ। ਦਿੱਲੀ 'ਚ ਵੀ ਅੱਜ ਤੇਜ਼ ਬਾਰਸ਼ ਦੀ ਸੰਭਾਵਨਾ ਹੈ। ਅੱਜ ਸਵੇਰੇ ਦਿੱਲੀ ਐਨਸੀਆਰ ਦੇ ਕਈ ਇਲਾਕਿਆਂ 'ਚ ਹਲਕੀ ਬਾਰਸ਼ ਨੇ ਦਸਤਕ ਦਿੱਤੀ ਹੈ।