ਨਵੀਂ ਦਿੱਲੀ: ਕਾਂਗਰਸ ਮੁਖੀ ਰਾਹੁਲ ਗਾਂਧੀ ਨੇ ਆਪਣੇ ਪਿਤਾ ਤੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਕਤਲ 'ਤੇ ਕਿਹਾ ਹੈ ਕਿ ਉਹ ਉਨ੍ਹਾਂ ਦੇ ਕਾਤਲ ਪ੍ਰਭਾਕਰਣ ਦੀ ਮੌਤ ਤੋਂ ਖੁਸ਼ ਨਹੀਂ ਸਨ। ਉਨ੍ਹਾਂ ਕਿਹਾ ਕਿ ਹਿੰਸਾ ਦਾ ਮੁਕਾਬਲਾ ਅਹਿੰਸਾ ਨਾਲ ਹੀ ਹੋ ਸਕਦਾ ਹੈ ਤੇ ਹਿੰਸਾ ਦਾ ਜਵਾਬ ਹਿੰਸਾ ਨਹੀਂ ਮੁਆਫ਼ੀ ਹੈ।


ਜਰਮਨੀ ਦੇ ਹੈਮਬਰਗ ਵਿੱਚ ਇੱਕ ਸਮਾਗਮ ਦੌਰਾਨ ਰਾਹੁਲ ਗਾਂਧੀ ਨੇ ਲੋਕਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਭਾਰਤ ਤੇ ਜਰਮਨੀ ਦੇ ਕਈ ਮੁੱਦਿਆਂ ਬਾਰੇ ਆਪਣੀ ਰਾਇ ਰੱਖੀ। ਉੱਥੇ ਰਾਹੁਲ ਗਾਂਧੀ ਨੂੰ ਜਦ ਪੁੱਛਿਆ ਗਿਆ ਕਿ ਹਿੰਸਾ ਦਾ ਜਵਾਬ ਕੀ ਹੈ? ਤਾਂ ਉਨ੍ਹਾਂ ਕਿਹਾ, "ਮੇਰੇ ਪਿਤਾ ਨੂੰ 1991 ਵਿੱਚ ਮਾਰ ਦਿੱਤਾ ਗਿਆ ਸੀ ਤੇ ਸਾਲ 2009 ਵਿੱਚ ਮੈਂ ਉਸ ਵਿਅਕਤੀ (ਪ੍ਰਭਾਕਰਣ) ਨੂੰ ਸ਼੍ਰੀਲੰਕਾ ਵਿੱਚ ਮ੍ਰਿਤ ਵੇਖਿਆ ਪਰ ਮੈਂ ਖੁਸ਼ ਨਹੀਂ ਸੀ। ਪ੍ਰਿਅੰਕਾ ਨਾਲ ਗੱਲ ਕੀਤੀ ਤਾਂ ਉਹ ਵੀ ਖੁਸ਼ ਨਹੀਂ ਸੀ। ਹਿੰਸਾ ਦਾ ਮੁਕਾਬਲਾ ਅਹਿੰਸਾ ਨਾਲ ਹੀ ਹੋ ਸਕਦਾ ਹੈ।"

ਰਾਹੁਲ ਗਾਂਧੀ ਨੇ ਅੱਗੇ ਕਿਹਾ,"ਮੈਂ ਆਪਣੀ ਦਾਦੀ, ਪਿਤਾ ਨੂੰ ਹਿੰਸਾ ਕਾਰਨ ਗੁਆ ਦਿੱਤਾ। ਮੈਂ ਤਜ਼ਰਬੇ ਨਾਲ ਕਹਿ ਰਿਹਾ ਹਾਂ। ਹਿੰਸਾ ਦਾ ਜਵਾਬ ਮੁਆਫ਼ੀ ਹੀ ਹੈ। ਸਹੀ-ਗ਼ਲਤ ਦਾ ਝਗੜਾ ਤਾਂ ਚਲਦਾ ਹੀ ਰਹਿੰਦਾ ਹੈ ਪਰ ਦੋਵੇਂ ਪਾਸੇ ਸਹੀ ਤੇ ਗ਼ਲਤ ਲੋਕ ਹੁੰਦੇ ਹਨ। ਲੋਕਾਂ ਨੂੰ ਲੱਗਦਾ ਹੈ ਕਿ ਅਹਿੰਦਾ ਕਮਜ਼ੋਰ ਹੈ ਪਰ ਇਹ ਤਾਕਤ ਹੈ।"

ਜ਼ਿਕਰਯੋਗ ਹੈ ਕਿ 21 ਮਈ 1991 ਨੂੰ ਰਾਜੀਵ ਗਾਂਧੀ ਨੂੰ ਤਮਿਲਨਾਡੂ ਦੇ ਸ਼੍ਰੀਪੇਰੰਬੁਦੁਰ ਵਿੱਚ ਆਮ ਚੋਣਾਂ ਦੇ ਪ੍ਰਚਾਰ ਦੌਰਾਨ ਐਲਟੀਟੀਈ ਦੇ ਦਹਿਸ਼ਤਗ਼ਰਦਾਂ ਨੇ ਕਤਲ ਕਰ ਦਿੱਤਾ ਸੀ, ਉਦੋਂ ਰਾਹੁਲ 20 ਸਾਲ ਦੇ ਸਨ। ਰਾਜੀਵ ਗਾਂਧੀ 1984 ਤੋਂ 1989 ਤਕ ਪ੍ਰਧਾਨ ਮੰਤਰੀ ਰਹੇ। 1984 ਵਿੱਚ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਕਾਂਗਰਸ ਭਾਰੀ ਬਹੁਮਤ ਨਾਲ ਜਿੱਤੀ ਸੀ ਤੇ ਰਾਜੀਵ ਗਾਂਧੀ ਪ੍ਰਧਾਨ ਮੰਤਰੀ ਬਣੇ ਸਨ। ਐਲਟੀਟੀਈ ਮੁਖੀ ਪ੍ਰਭਾਕਰਣ ਦੇ ਕਹਿਣ 'ਤੇ ਰਾਜੀਵ ਗਾਂਧੀ ਦਾ ਕਤਲ ਹੋਇਆ ਸੀ, ਜਿਸ ਵਿੱਚ ਦਰਜਣ ਤੋਂ ਵੱਧ ਲੋਕ ਸ਼ਾਮਲ ਸਨ।