ਚੰਡੀਗੜ੍ਹ: ਉੱਤਰੀ ਭਾਰਤ ਵਿੱਚ ਮੌਸਮ ਨੇ ਤਬਾਹੀ ਮਚਾਈ ਹੋਈ ਹੈ। ਕਿਤੇ ਹੜ੍ਹਾਂ ਨੇ ਕਹਿਰ ਮਚਾਇਆ ਹੈ ਤੇ ਕਿਤੇ ਬੱਦਲ ਫਟਣ ਦੀ ਘਟਨਾ ਨੇ ਤਬਾਹੀ ਮਚਾਈ ਹੈ। ਕੁਦਰਤੀ ਆਫ਼ਤ ਨਾਲ ਜਾਨ-ਮਾਲ ਦਾ ਭਾਰੀ ਨੁਕਸਾਨ ਹੋਇਆ ਹੈ। ਹਿਮਾਚਲ ਤੇ ਪੰਜਾਬ ਦੇ ਕਈ ਇਲਾਕਿਆਂ ਵਿੱਚ ਰੈਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਲਗਾਤਾਰ ਹੋਰ ਹੀ ਬਾਰਸ਼ ਕਾਰਨ ਉੱਤਰਾਖੰਡ ਦੇ ਚਾਰਧਾਮ ਯਾਤਰਾ ਮਾਰਗ ’ਤੇ ਹਜ਼ਾਰਾਂ ਲੋਕ ਫਸੇ ਹੋਏ ਹਨ। ਹੜ੍ਹਾਂ ਵਿੱਚ ਫਸੇ ਲੋਕਾਂ ਨੂੰ ਰਾਹਤ ਕਾਰਜਾਂ ਜ਼ਰੀਏ ਸੁਰੱਖਿਅਤ ਸੁਥਾਨਾਂ ’ਤੇ ਪਹੁੰਚਾਇਆ ਜਾ ਰਿਹਾ ਹੈ।

ਸੂਬੇ ਦੇ ਕਈ ਇਲਾਕਿਆਂ ਵਿੱਚ ਹੜ੍ਹਾਂ ਵਰਗੇ ਹਾਲਾਤ ਹਨ। ਕੁੱਲੂ-ਮਨਾਲੀ ਦਾ ਤਾਂ ਦੇਸ਼ ਨਾਲੋਂ ਸੰਪਰਕ ਹੀ ਟੁੱਟ ਗਿਆ ਹੈ। ਸੂਬੇ ਦੇ ਕਈ ਇਲਾਕਿਆਂ ਵਿੱਚ ਅਲਰਟ ਜਾਰੀ ਕੀਤਾ ਗਿਆ ਹੈ। ਨੁਕਸਾਨ ਦਾ ਜਾਇਜ਼ਾ ਲੈਣ ਲਈ ਸੂਬੇ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਹਵਾਈ ਸਰਵੇਖਣ ਕੀਤਾ ਤੇ ਨਾਲ ਹੀ ਬਚਾਅ ਕਾਰਜਾਂ ਵਿੱਚ ਲੱਗੇ ਪ੍ਰਸ਼ਾਸਨ ਦੀ ਵੀ ਸ਼ਲਾਘਾ ਕੀਤੀ।

ਸ਼ਿਮਲਾ ਦੇ ਕਿਆਰੀ ਇਲਾਕੇ ਵਿੱਚ ਬੱਦਲ ਫਟਣ ਨਾਲ ਤਬਾਹੀ ਮੱਚ ਗਈ। ਪਾਣੀ ਦਾ ਵਹਾਅ ਆਪਣੇ ਨਾਲ ਸਭ ਕੁਝ ਵਹਾਅ ਕੇ ਲੈ ਜਾਣ ਦੇ ਸਮਰਥ ਹੈ। ਕਰੀਬ ਅੱਧੀ ਦਰਜਨ ਗੱਡੀਆਂ ਮਲਬੇ ਹੇਠਾਂ ਦੱਬੀਆਂ ਹੋਈਆਂ ਹਨ। ਗਨੀਮਤ ਹੈ ਕਿ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ।

ਲਗਾਤਾਰ ਹੋ ਰਹੀ ਬਾਰਸ਼ ਬਾਅਦ ਸ਼ਿਮਲਾ ਵਿੱਚ ਇੱਕ ਵੱਡਾ ਪੱਥਰ ਮਕਾਨ ’ਤੇ ਡਿੱਗ ਗਿਆ ਜਿਸਨਾਲ ਮਕਾਨ ਅੰਦਰਲੇ ਤਿੰਨ ਲੋਕਾਂ ਦੀ ਜਾਨ ਚਲੀ ਗਈ ਤੇ ਤਿੰਨ ਹੋਰ ਜ਼ਖ਼ਮੀ ਹੋ ਗਏ। ਹਾਦਸੇ ਵੇਲੇ 7 ਮਜ਼ਦੂਰ ਮਕਾਨ ਅੰਦਰ ਆਰਾਮ ਕਰ ਰਹੇ ਸੀ। ਪ੍ਰਸ਼ਾਸਨ ਨੇ ਮ੍ਰਿਤਕਾਂ ਦੇ ਪਰਿਵਾਰ ਨੂੰ 10-10 ਹਜ਼ਾਰ ਤੇ ਜ਼ਖ਼ਮੀਆਂ ਨੂੰ 5-5 ਹਜ਼ਾਰ ਰੁਪਏ ਦੇਣ ਦ ਐਲਾਨ ਕੀਤਾ ਹੈ।

ਰੋਹਤਾਂਗ ਪਾਸ ਤੇ ਲਾਹੌਲ ਸਪਿਤੀ ਵਿੱਚ ਜ਼ੋਰਦਾਰ ਬਰਫ਼ਬਾਰੀ ਹੋਣ ਬਾਅਦ ਸੜਕਾਂ ਬੰਦ ਕਰ ਦਿੱਤੀਆਂ ਗਈਆਂ ਹਨ। ਇੱਥੇ ਚੁਫ਼ੇਰੇ ਬਰਫ਼ ਦੀ ਚਾਦਰ ਵਿਛ ਗਈ ਹੈ। 5 ਫੁੱਟ ਤਕ ਬਰਫ਼ਬਾਰੀ ਦੀ ਖ਼ਬਰ ਹੈ। ਇੱਥੇ ਕਈ ਲੋਕ ਵੀ ਫਸੇ ਹੋਏ ਹਨ। ਰਾਹਤ ਕਾਰਜ ਜਾਰੀ ਹਨ। ਫਸੇ ਹੋਏ ਲੋਕਾਂ ਵਿੱਚ IIT ਰੁੜਕੀ ਦੇ 45 ਵਿਦਿਆਰਥੀ ਵੀ ਸ਼ਾਮਲ ਹਨ। ਜੋ ਪਹਾੜਾਂ ਤੇ ਟਰੈਕਿੰਗ ਕਰਨ ਲਈ ਗਏ ਹਨ।