ਅੰਮ੍ਰਿਤਸਰ: ਸਪਾਈਸਜੈਟ ਅੰਮ੍ਰਿਤਸਰ ਤੋਂ ਬੈਂਕਾਕ ਤੇ ਗੋਆ ਤਕ ਰੋਜ਼ਾਨਾ ਦੋ ਉਡਾਣਾਂ ਸ਼ੁਰੂ ਕਰ ਰਿਹਾ ਹੈ। ਇਹ ਉਡਾਣਾਂ 6 ਨਵੰਬਰ ਤੋਂ ਸ਼ੁਰੂ ਕੀਤੀਆਂ ਜਣਗੀਆਂ। ਕੰਪਨੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਗ ਨੂੰ ਪਹਿਲੀ ਟਿਕਟ ਸੈਂਪੀ।
ਚੀਫ ਕਸਟਮਰ ਸਰਵਿਸ ਅਫ਼ਸਰ ਕਮਲ ਹਿੰਗੋਰਨੀ ਦੀ ਅਗਵਾਈ ਵਾਲੀ ਸਪਾਈਸਜੈਟ ਦੀ ਤਿੰਨ ਮੈਂਬਰੀ ਟੀਮ ਨੇ ਇੱਥੇ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਵਿਖੇ ਉਨ੍ਹਾਂ ਨਾਲ ਮੁਲਾਕਾਤ ਕੀਤੀ ਤੇ ਗੁਰੂ ਰਾਮ ਦਾਸ ਜੀ ਕੌਮਾਂਤਰੀ ਹਵਾਈ ਅੱਡੇ ਤੋਂ ਨਵੀਆਂ ਉਡਾਣਾਂ ਦਾ ਐਲਾਨ ਕੀਤਾ।
ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਤੇ ਖ਼ਾਸ ਕਰਕੇ ਗੁਰੂ ਨਗਰੀ ਅੰਮ੍ਰਿਤਸਰ ਵਿੱਚ ਸੈਰ-ਸਪਾਟੇ ਦੀ ਵੱਡੀ ਸੰਭਾਵਨਾ ਹੈ। ਸ਼ਹੀਦੀ ਸਮਾਰਕ ਜਲ੍ਹਿਆਂਵਾਲਾ ਬਾਗ ਵਿੱਚ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਤੋਂ ਇਲਾਵਾ ਦੁਨੀਆ ਭਰ ਦੇ ਲੋਕ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਲਈ ਇੱਥੇ ਪੁੱਜਦੇ ਹਨ।
ਮੁੱਖ ਮੰਤਰੀ ਨੇ ਸਪਾਈਸਜੈਟ ਨੂੰ ਅੰਮ੍ਰਿਤਸਰ ਤੋਂ ਦੇਸ਼ ਤੇ ਦੁਨੀਆ ਦੀਆਂ ਵੱਖ-ਵੱਖ ਥਾਵਾਂ ਤਕ ਹੋਰ ਉਡਾਣਾਂ ਸ਼ੁਰੂ ਕਰਨ ਦੀ ਅਪੀਲ ਕੀਤੀ। ਉਨ੍ਹਾਂ ਖ਼ਾਸ ਤੌਰ ’ਤੇ ਲੋਕਾਂ ਦੀ ਮੰਗ ਨੂੰ ਵੇਖਿਦਆਂ ਮੁਹਾਲੀ ਏਅਰਪੋਰਟ ਤੋਂ ਸਿੰਗਾਪੁਰ ਤਕ ਦੀ ਸਿੱਧੀ ਉਡਾਣ ਸ਼ੁਰੂ ਕਰਨ ’ਤੇ ਜ਼ੋਰ ਦਿੱਤਾ।