ਚੰਡੀਗੜ੍ਹ: ਦੇਸ਼ ਦੇ ਕਈ ਸ਼ਹਿਰਾਂ ਵਿੱਚ ਮੀਂਹ ਨੇ ਤਬਾਹੀ ਮਚਾਈ ਹੋਈ ਹੈ। ਕੇਰਲ ਵਿੱਚ ਹੜ੍ਹ ਤੇ ਤੇਜ਼ ਮੀਂਹ ਕਾਰਨ ਹਾਲਾਤ ਹੋਰ ਵਿਗੜ ਗਏ ਹਨ। ਸੂਬੇ ਵਿੱਚ ਹੁਣ ਤਕ 26 ਮੌਤਾਂ ਹੋ ਚੁੱਕੀਆਂ ਹਨ। ਉੱਧਰ ਹਿਮਾਚਲ ਪ੍ਰਦੇਸ਼ ਦੇ ਕੁੱਲੂ ਵਿੱਚ ਵੀਰਵਾਰ ਦੇਰ ਰਾਤ ਬੱਦਲ ਫਟਣ ਨਾਲ ਤਿੰਨ ਪਿੰਡਾਂ ਵਿੱਚ ਕਾਫੀ ਨੁਕਸਾਨ ਹੋਇਆ। ਸੂਬੇ ਵਿੱਚ ਛੇ ਦਿਨ ਭਾਰੀ ਬਾਰਸ਼ ਦਾ ਅਲਰਟ ਜਾਰੀ ਹੈ।

ਬੀਤੇ ਦੋ ਦਿਨਾਂ ਤੋਂ ਕੇਰਲ ਵਿੱਚ 10 ਹਜ਼ਾਰ ਲੋਕਾਂ ਨੂੰ ਰਾਹਤ ਘਰ ਭੇਜਿਆ ਗਿਆ ਹੈ। ਅੱਜ ਸਵੇਰੇ ਇਡੁੱਕੀ ਬੰਨ੍ਹ ਦੇ ਦੋ ਹੋਰ ਗੇਟ ਖੋਲ੍ਹ ਦਿੱਤੇ ਗਏ। ਇਸ ਬੰਨ੍ਹ ਨੂੰ ਲਗਪਗ 26 ਸਾਲ ਬਾਅਦ ਖੋਲ੍ਹਿਆ ਗਿਆ ਹੈ। ਸੂਬੇ ਦੇ 24 ਬੰਨ੍ਹਾਂ ਦੇ ਗੇਟ ਖੋਲ੍ਹਣ ਕਰਕੇ ਹੇਠਲੇ ਇਲਾਕਿਆਂ ਵਿੱਚ ਪਾਣੀ ਭਰ ਗਿਆ ਹੈ। ਸੂਬੇ ਦੇ ਇਕੱਲੇ ਇਡੁੱਕੀ ਜ਼ਿਲ੍ਹੇ ਵਿੱਚ ਮੀਂਹ ਕਾਰਨ 11 ਜਣਿਆਂ ਦੀ ਮੌਤ ਹੋ ਗਈ ਹੈ। ਕਰਨਾਟਕ ਦੇ ਮੁੱਖ ਮੰਤਰੀ ਐਚਡੀ ਕੁਮਾਰਸਵਾਮੀ ਨੇ ਕੇਰਲ ਵਿੱਚ 10 ਕਰੋੜ ਰੁਪਏ ਤੇ ਰਾਹਤ ਸਮੱਗਰੀ ਭੇਜਣ ਦਾ ਐਲਾਨ ਕੀਤਾ ਹੈ।

ਕੁੱਲੂ ਦੀ ਤਾਰਥਨ ਘਾਟੀ ਵਿੱਚ ਵੀਰਵਾਰ ਦੇਰ ਰਾਤ ਕਰੀਬ ਡੇਢ ਵਜੇ ਬੱਦਲ ਫਟਣ ਨਾਲ ਨਾਗਨਾ ਪੰਚਾਇਤ ਦੇ ਸਾਈਰੋਪਾ ਤੇ ਗਹਿਧਾਰ ਅਤੇ ਦਾੜੀ ਪਿੰਡ ਵਿੱਚ ਭਾਰੀ ਨੁਕਸਾਨ ਹੋਇਆ। ਇਨ੍ਹਾਂ ਵਿੱਚ ਦੋ ਮਕਾਨ ਤੇ ਇੱਕ ਗਊਸ਼ਾਲਾ ਵਹਿ ਗਈ। ਇਸ ਦੇ ਨਾਲ ਹੀ ਤਿੰਨ ਮਕਾਨਾਂ ਨੂੰ ਵੀ ਨੁਕਸਨ ਪੁੱਜਾ ਹੈ।

ਮੌਸਮ ਵਿਭਾਗ ਮੁਤਾਬਕ ਉੱਤਰ ਪ੍ਰਦੇਸ਼ ਦੇ ਕਈ ਇਲਾਕਿਆਂ ਵਿੱਚ ਭਾਰੀ ਬਾਰਸ਼ ਕਾਰਨ ਇੱਕ ਜੁਲਾਈ ਤੋਂ ਹੁਣ ਤਕ 112 ਜਣਿਆਂ ਦੀ ਮੌਤ ਹੋ ਗਈ ਹੈ। ਇਸ ਦੇ ਇਲਾਵਾ ਸਰਸੂ ਨਦੀ ਵਿੱਚ ਪਾਣੀ ਦੇ ਪੱਧਰ ’ਚ ਵਾਧੇ ਦੀ ਵਜ੍ਹਾ ਕਰਕੇ ਪੂਰਬੀ ਉੱਤਰ ਪ੍ਰਦੇਸ਼ ਦੇ ਕਰੀਬ 12 ਪਿੰਡ ਹੜ੍ਹ ਦੀ ਚਪੇਟ ਵਿੱਚ ਹਨ।

ਹਿਮਾਚਲ ਵਿੱਚ ਖਰਾਬ ਮੌਸਮ ਕਾਰਨ ਸਥਾਨਕ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਹੋ ਰਹੀ ਹੈ। ਬੀਤੇ ਦਿਨ ਵੀ ਰਾਜਧਾਨੀ ਸ਼ਿਮਲਾ ਸਣੇ ਕਈ ਥਾਈਂ ਬਾਰਸ਼ ਹੋਈ। ਮੌਸਮ ਵਿਭਾਗ ਨੇ 10 ਤੋਂ 15 ਅਗਸਤ ਤਕ ਲਗਾਤਾਰ ਬਾਰਸ਼ ਦੀ ਅਨੁਮਾਨ ਲਾਇਆ ਹੈ।

12 ਤੇ 13 ਅਗਸਤ ਨੂੰ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਬਾਰਸ਼ ਕਾਰਨ ਸੂਬੇ ਵਿੱਚ ਕਰੀਬ 160 ਸੜਕਾਂ ਤੋਂ ਸੰਪਰਕ ਟੁੱਟ ਚੁੱਕਾ ਹੈ। ਐਡੀਸ਼ਨਲ ਡਿਪਟੀ ਕਮਿਸ਼ਨਰ ਕ੍ਰਿਸ਼ਣਲਾਲ ਸ਼ਰਮਾ ਨੇ ਦਾਅਵਾ ਕੀਤਾ ਕਿ 4-5 ਦਿਨਾਂ ਤਕ ਸੜਕਾਂ ਖੋਲ੍ਹ ਦਿੱਤੀਆਂ ਜਾਣਗੀਆਂ।