ਝਾਰਖੰਡ: ਝਾਰਖੰਡ ਵਿਧਾਨ ਸਭਾ ਚੋਣਾਂ ਦੇ ਨਤੀਜੇ ਸਾਹਮਣੇ ਆ ਚੁੱਕੇ ਹਨ। ਸੂਬੇ ਦੀਆਂ ਚੋਣਾਂ ‘ਚ ਜੇਐਮਐਮ ਸਭ ਤੋਂ ਵੱਡੀ ਪਾਰਟੀ ਵਜੋਂ ਸਾਹਮਣੇ ਆਈ ਹੈ। ਜੇਐਮਐਮ ਨੂੰ ਕੁੱਲ 30 ਸੀਟਾਂ ਹਾਸਲ ਹੋਈਆਂ ਹਨ ਜਿਸ ਤੋਂ ਬਾਅਦ ਹੇਮੰਤ ਸੋਰੇਨ ਦਾ ਸੀਐਮ ਬਣਨਾ ਤੈਅ ਹੈ। ਸਵੇਰੇ 11 ਵਜੇ ਰਾਂਚੀ ‘ਚ ਜੇਐਮਅੇਮ ਵਿਧਾਇਕ ਦਲ ਦੀ ਬੈਠਕ ਹੋ ਰਹੀ ਹੈ ਜਿਸ ‘ਚ ਉਨ੍ਹਾਂ ਦਾ ਨੇਤਾ ਚੁਣੇ ਜਾਣਾ ਤੈਅ ਹੈ।


ਮਹਾਗਠਬੰਧਨ ਨੇ ਚੋਣਾਂ ਤੋਂ ਪਹਿਲਾਂ ਹੇਮੰਤ ਨੂੰ ਮੁੱਖ ਮੰਤਰੀ ਦਾ ਉਮੀਦਵਾਰ ਐਲਾਨਿਆ ਸੀ। ਇਸ ਲਈ ਉਨ੍ਹਾਂ ਦਾ ਸੀਐਮ ਬਣਨਾ ਰਸਮੀ ਤੌਰ ‘ਤੇ ਹੀ ਬਾਕੀ ਹੈ। ਸੂਤਰਾਂ ਮੁਤਾਬਕ ਹੇਮੰਤ ਸੋਰੇਨ 28 ਦਸੰਬਰ ਨੂੰ ਸੀਐਮ ਅਹੁਦੇ ਦੀ ਸਹੁੰ ਚੁੱਕ ਸਕਦੇ ਹਨ। ਇਸ ਦੇ ਨਾਲ ਹੀ ਕਾਂਗਰਸ ਦੇ ਖਾਤੇ ਵਿੱਚੋਂ ਡਿਪਟੀ ਸੀਐਮ ਚੁਣਿਆ ਜਾਵੇਗਾ।

ਜੇਐਮਐਮ ਦਾ ਜਿੱਤਣਾ ਆਪਣੇ ਆਪ ‘ਚ ਰਿਕਾਰਡ ਹੈ ਕਿ ਝਾਰਖੰਡ ਦੇ 19 ਸਾਲ ਤੋਂ ਛੋਟੇ ਇਤਿਹਾਸ ‘ਚ ਪੰਜਵੀਂ ਵਾਰ ਸੋਰੇਨ ਪਰਿਵਾਰ ਦੇ ਹੱਥਾਂ ‘ਚ ਸੱਤਾ ਆਈ ਹੈ। ਆਪਣੀ ਇਸ ਜਿੱਤ ਤੋਂ ਬਾਅਦ ਹੇਮੰਤ ਸੋਰੇਨ ਨੇ ਕਿਹਾ, “ਯਕੀਨ ਦਵਾਉਂਦਾ ਹਾਂ ਕਿ ਉਨ੍ਹਾਂ ਦੀਆਂ ਉਮੀਦਾਂ ਨਹੀਂ ਟੁੱਟਣਗੀਆਂ, ਬੇਸ਼ੱਕ ਉਹ ਕਿਸੇ ਵੀ ਵਰਗ ਜਾਂ ਭਾਈਚਾਰੇ ਦੇ ਹੋਣ। ਨੌਜਵਾਨ, ਕਿਸਾਨ, ਵਪਾਰੀ, ਮਜ਼ਦੂਰ ਤੇ ਬੱਚੇ ਜਾਂ ਬੁੱਢੇ ਕੋਈ ਵੀ ਕਿਉਂ ਨਾ ਹੋਵੇ?”

ਝਾਰਖੰਡ ‘ਚ ਇਸ ਜਿੱਤ ‘ਚ ਕਾਂਗਰਸ ਲਈ ਵੀ ਕਾਫੀ ਕੁਝ ਹੈ। ਬੇਸ਼ੱਕ ਉਨ੍ਹਾਂ ਨੂੰ ਸਿਰਫ 16 ਸੀਟਾਂ ਮਿਲੀਆਂ ਹਨ ਪਰ ਗਠਜੋੜ ਦੀ ਇਸ ਰਾਜਨੀਤੀ ਦਾ ਗੋਂਦ ਕਾਂਗਰਸ ਪਾਰਟੀ ਹੀ ਹੈ। ਕਾਂਗਰਸ ਵੱਲੋਂ ਗਠਬੰਧਨ ਦਾ ਇਹ ਕਾਮਯਾਬ ਪ੍ਰਯੋਗ ਪਹਿਲਾਂ ਮਹਾਰਾਸਟਰ ‘ਚ ਕਾਮਯਾਬ ਰਿਹਾ ਤੇ ਹੁਣ ਝਾਰਖੰਡ ‘ਚ।

ਇਸ ਦੇ ਨਾਲ ਹੀ ਦੱਸ ਦਈਏ ਕਿ ਪਿਛਲੇ ਇੱਕ ਸਾਲ ‘ਚ ਬੀਜੇਪੀ ਹੱਥੋਂ ਸੱਤਾ ਪੰਜ ਸੂਬਿਆਂ ਵਿੱਚੋਂ ਖਿਸਕੀ ਹੈ। ਚੋਣਾਂ ‘ਚ ਬੀਜੇਪੀ ਦੀ ਜਿੱਤ ਦਾ ਗ੍ਰਾਫ ਲਗਾਤਾਰ ਡਿੱਗਦਾ ਜਾ ਰਿਹਾ ਹੈ।